ਨਵੀਂ ਦਿੱਲੀ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਪਹੁੰਚੇ, ਜਿੱਥੇ ਉਨ੍ਹਾਂ ਨੇ ਆਪਣੇ ਦੌਰੇ ਦੀ ਸ਼ੁਰੂਆਤ ਭਾਵਨਗਰ ਵਿੱਚ ਹੋਏ ਵਿਸ਼ਾਲ ਰੋਡ ਸ਼ੋਅ ਨਾਲ ਕੀਤੀ। ਹਜ਼ਾਰਾਂ ਲੋਕਾਂ ਦੀ ਹਾਜ਼ਰੀ ਵਾਲੇ ਇਸ ਸਮਾਗਮ ਤੋਂ ਬਾਅਦ ਉਨ੍ਹਾਂ ਨੇ ਗਾਂਧੀ ਮੈਦਾਨ ਵਿੱਚ ₹34,200 ਕਰੋੜ ਦੀ ਲਾਗਤ ਨਾਲ ਤਿਆਰ ਕੀਤੇ ਜਾਣ ਵਾਲੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਯੋਜਨਾਵਾਂ ਵਿੱਚ “ਸਮੁੰਦਰ ਤੋਂ ਖੁਸ਼ਹਾਲੀ” ਵਰਗੇ ਮਹੱਤਵਪੂਰਨ ਪ੍ਰੋਜੈਕਟ ਵੀ ਸ਼ਾਮਲ ਹਨ।
ਜਨ ਸਮੂਹ ਨਾਲ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦਾ ਅਸਲੀ ਦੁਸ਼ਮਣ ਕਿਸੇ ਹੋਰ ਦੇਸ਼ ਨਹੀਂ, ਸਗੋਂ ਸਾਡੀ ਉਨ੍ਹਾਂ ’ਤੇ ਨਿਰਭਰਤਾ ਹੈ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਦੀਆਂ ਸਾਰੀਆਂ ਚੁਣੌਤੀਆਂ ਦਾ ਇਕੱਲਾ ਹੱਲ ਆਤਮਨਿਰਭਰਤਾ ਹੈ। ਮੋਦੀ ਨੇ ਦਰਸਾਇਆ ਕਿ 50 ਸਾਲ ਪਹਿਲਾਂ ਭਾਰਤ ਦੇ ਲਗਭਗ 40 ਪ੍ਰਤੀਸ਼ਤ ਵਪਾਰ ਭਾਰਤੀ-ਨਿਰਮਿਤ ਜਹਾਜ਼ਾਂ ਰਾਹੀਂ ਹੁੰਦਾ ਸੀ, ਜਦੋਂ ਕਿ ਹੁਣ ਇਹ ਅੰਕੜਾ ਘਟ ਕੇ ਸਿਰਫ਼ 5 ਪ੍ਰਤੀਸ਼ਤ ਰਹਿ ਗਿਆ ਹੈ।