ਮੈਕਸੀਕੋ :- ਮੈਕਸੀਕੋ ਦੇ ਸੋਨੋਰਾ ਰਾਜ ਦੀ ਰਾਜਧਾਨੀ ਹਰਮੋਸਿਲੋ ਵਿੱਚ ਇੱਕ ਡਿਪਾਰਟਮੈਂਟਲ ਸੁਪਰਮਾਰਕਿਟ ਵਿੱਚ ਜ਼ਬਰਦਸਤ ਧਮਾਕਾ ਹੋਇਆ, ਜਿਸ ਤੋਂ ਬਾਅਦ ਪੂਰੀ ਇਮਾਰਤ ਅੱਗ ਦੀ ਲਪੇਟ ਵਿੱਚ ਆ ਗਈ। ਇਸ ਭਿਆਨਕ ਹਾਦਸੇ ‘ਚ ਚਾਰ ਬੱਚਿਆਂ ਸਮੇਤ ਘੱਟੋ-ਘੱਟ 23 ਲੋਕਾਂ ਦੀ ਮੌਤ ਹੋ ਗਈ, ਜਦਕਿ 11 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ।
ਅੱਗ ਨੇ ਸਾਰੀ ਇਮਾਰਤ ਤੇ ਆਲੇ ਦੁਆਲੇ ਦੇ ਵਾਹਨਾਂ ਨੂੰ ਘੇਰਿਆ
ਸਥਾਨਕ ਅਧਿਕਾਰੀਆਂ ਅਨੁਸਾਰ ਧਮਾਕਾ ਸ਼ਹਿਰ ਦੇ ਇੱਕ ਪ੍ਰਸਿੱਧ ਡਿਪਾਰਟਮੈਂਟ ਸਟੋਰ ਵਿੱਚ ਹੋਇਆ। ਧਮਾਕੇ ਤੋਂ ਬਾਅਦ ਅੱਗ ਤੇਜ਼ੀ ਨਾਲ ਇਮਾਰਤ ਦੇ ਹੋਰ ਹਿੱਸਿਆਂ ਅਤੇ ਬਾਹਰ ਖੜ੍ਹੇ ਵਾਹਨਾਂ ਤੱਕ ਫੈਲ ਗਈ, ਜਿਸ ਕਾਰਨ ਕਈ ਲੋਕ ਅੰਦਰ ਫਸ ਗਏ। ਰਾਹਤ ਟੀਮਾਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਬਚਾਅ ਅਭਿਆਨ ਸ਼ੁਰੂ ਕੀਤਾ ਅਤੇ 12 ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।
ਟ੍ਰਾਂਸਫਾਰਮਰ ‘ਚ ਸ਼ਾਰਟ ਸਰਕਟ ਕਾਰਨ ਧਮਾਕਾ ਮੰਨਿਆ ਜਾ ਰਿਹਾ
ਸ਼ੁਰੂਆਤੀ ਜਾਂਚ ‘ਚ ਇਹ ਸੰਭਾਵਨਾ ਜਤਾਈ ਗਈ ਹੈ ਕਿ ਧਮਾਕਾ ਇੱਕ ਟ੍ਰਾਂਸਫਾਰਮਰ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਹੋਇਆ। ਅਧਿਕਾਰੀਆਂ ਨੇ ਕਿਹਾ ਹੈ ਕਿ ਮੌਤਾਂ ਦਾ ਮੁੱਖ ਕਾਰਨ ਜ਼ਹਿਰੀਲੀਆਂ ਗੈਸਾਂ ਦਾ ਸਾਹ ਲੈਣਾ ਸੀ। ਰਾਜ ਦੇ ਅਟਾਰਨੀ ਜਨਰਲ ਗੁਸਤਾਵੋ ਸਲਾਸ ਚਾਵੇਜ਼ ਨੇ ਦੱਸਿਆ ਕਿ ਫਿਲਹਾਲ ਇਹ ਸਪੱਸ਼ਟ ਨਹੀਂ ਕਿ ਅੱਗ ਜਾਣਬੁੱਝ ਕੇ ਲਗਾਈ ਗਈ ਸੀ ਜਾਂ ਕਿਸੇ ਤਕਨੀਕੀ ਖ਼ਰਾਬੀ ਕਾਰਨ ਵਾਪਰੀ, ਪਰ ਹਰ ਸੰਭਾਵਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਜ਼ਖਮੀਆਂ ਦਾ ਇਲਾਜ ਜਾਰੀ
ਅੱਗ ਲੱਗਣ ਤੋਂ ਬਾਅਦ 11 ਜ਼ਖਮੀਆਂ ਨੂੰ ਹਰਮੋਸਿਲੋ ਦੇ ਛੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਦੇ ਅਨੁਸਾਰ ਕੁਝ ਦੀ ਹਾਲਤ ਗੰਭੀਰ ਹੈ ਪਰ ਸਾਰੇ ਮਰੀਜ਼ਾਂ ਦਾ ਇਲਾਜ ਜਾਰੀ ਹੈ। ਸਥਾਨਕ ਪ੍ਰਸ਼ਾਸਨ ਨੇ ਪੀੜਤ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦੇਣ ਦੀ ਘੋਸ਼ਣਾ ਵੀ ਕੀਤੀ ਹੈ।
ਅੱਗ ‘ਤੇ ਕਾਬੂ ਪਾਉਣ ਲਈ ਕਈ ਘੰਟਿਆਂ ਤਕ ਜਦੋ ਜਹਦ
ਫਾਇਰ ਡਿਪਾਰਟਮੈਂਟ ਨੇ ਦੱਸਿਆ ਕਿ ਅੱਗ ਬਹੁਤ ਤੇਜ਼ੀ ਨਾਲ ਫੈਲ ਗਈ ਸੀ ਅਤੇ ਇਸ ‘ਤੇ ਕਾਬੂ ਪਾਉਣ ਲਈ ਕਈ ਘੰਟਿਆਂ ਤੱਕ ਜਤਨ ਕਰਨੇ ਪਏ। ਸਟੋਰ ਦਾ ਵੱਡਾ ਹਿੱਸਾ ਪੂਰੀ ਤਰ੍ਹਾਂ ਸੜ ਗਿਆ। ਸੋਸ਼ਲ ਮੀਡੀਆ ‘ਤੇ ਘੁੰਮ ਰਹੀਆਂ ਵੀਡੀਓਜ਼ ਵਿੱਚ ਵੀ ਸਟੋਰ ਨੂੰ ਅੱਗ ਦੀਆਂ ਲਪਟਾਂ ਵਿੱਚ ਘਿਰਿਆ ਹੋਇਆ ਦਿਖਾਇਆ ਗਿਆ ਹੈ।
ਮੈਕਸੀਕਨ ਰਾਸ਼ਟਰਪਤੀ ਨੇ ਪ੍ਰਗਟ ਕੀਤਾ ਦੁੱਖ
ਧਮਾਕੇ ਦੀ ਖ਼ਬਰ ਮਿਲਣ ਤੋਂ ਬਾਅਦ ਮੈਕਸੀਕਨ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦੇ ਹੋਏ ਪੀੜਤ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਰਾਹਤ ਤੇ ਜਾਂਚ ਕਾਰਵਾਈ ਲਈ ਸਾਰੇ ਜ਼ਰੂਰੀ ਉਪਾਉ ਕੀਤੇ ਜਾ ਰਹੇ ਹਨ।
ਘਟਨਾ ਦੀ ਪੂਰੀ ਜਾਂਚ ਦੇ ਹੁਕਮ
ਸੋਨੋਰਾ ਦੇ ਗਵਰਨਰ ਅਲਫੋਂਸੋ ਦੁਰਾਜ਼ੋ ਨੇ ਮੀਡੀਆ ਨੂੰ ਦੱਸਿਆ ਕਿ ਘਟਨਾ ਦੀ ਪੂਰੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਅਤੇ ਜਿੰਨਾਂ ਦੀ ਲਾਪਰਵਾਹੀ ਸਾਹਮਣੇ ਆਏਗੀ, ਉਹਨਾਂ ਵਿਰੁੱਧ ਕਠੋਰ ਕਾਰਵਾਈ ਕੀਤੀ ਜਾਵੇਗੀ। ਪ੍ਰਸ਼ਾਸਨ ਨੇ ਕਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ ਕਿਉਂਕਿ ਕੁਝ ਲੋਕ ਅਜੇ ਵੀ ਗੁੰਮ ਹਨ।

