ਤਰਨਤਾਰਨ: ਪੰਜਾਬ ਦੀ ਰਾਜਨੀਤੀ ਵਿੱਚ ਅੱਜ ਇੱਕ ਵੱਡਾ ਝਟਕਾ ਲੱਗਾ ਹੈ ਕਿਉਂਕਿ ਆਮ ਆਦਮੀ ਪਾਰਟੀ (ਆਪ) ਦੇ ਖਡੂਰ ਸਾਹਿਬ ਹਲਕੇ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਤਰਨਤਾਰਨ ਜ਼ਿਲ੍ਹਾ ਅਦਾਲਤ ਨੇ 12 ਸਾਲ ਪੁਰਾਣੇ ਇੱਕ ਗੰਭੀਰ ਮਾਮਲੇ ਵਿੱਚ 4 ਸਾਲ ਦੀ ਕੈਦ ਸੁਣਾ ਦਿੱਤੀ ਹੈ।
ਇਸ ਨਾਲ ਨਾ ਸਿਰਫ਼ ਵਿਧਾਇਕ ਨੂੰ ਜੇਲ੍ਹ ਦੀ ਹਵਾ ਖਾਣੀ ਪਵੇਗੀ, ਸਗੋਂ ਪਾਰਟੀ ਦੀ ਨੈਤਿਕਤਾ ਅਤੇ ਚੋਣਾਂ ਵੇਲੇ ਉਮੀਦਵਾਰਾਂ ਦੀ ਚੋਣ ‘ਤੇ ਵੀ ਭਾਰੀ ਸਵਾਲ ਉੱਠ ਗਏ ਹਨ।
ਵਧੀਕ ਸੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਨੇ ਅੱਜ ਇਸ ਮਾਮਲੇ ਵਿੱਚ ਸਜ਼ਾ ਸੁਣਾਈ, ਜੋ 3 ਮਾਰਚ 2013 ਨੂੰ ਵਾਪਰੀ ਸੀ। ਉਸ ਵੇਲੇ ਲਾਲਪੁਰਾ ਇੱਕ ਟੈਕਸੀ ਡਰਾਈਵਰ ਸਨ ਅਤੇ ਉਨ੍ਹਾਂ ‘ਤੇ ਇੱਕ ਅਨਵਿਆਹੁਤ ਔਰਤ (ਜੋ ਵਿਆਹ ਲਈ ਆਈ ਸੀ) ਨਾਲ ਛੇੜਛਾੜ ਕਰਨ, ਕੁੱਟਮਾਰ ਕਰਨ ਅਤੇ ਉਸ ਦੇ ਕੱਪੜੇ ਪਾੜਨ ਦੇ ਦੋਸ਼ ਲੱਗੇ ਸਨ।
ਔਰਤ, ਜੋ ਅਨੁਸੂਚਿਤ ਜਾਤੀ ਨਾਲ ਸਬੰਧਤ ਸੀ, ਨੇ ਗੋਇੰਦਵਾਲ ਸਾਹਿਬ ਨੇੜੇ ਇੱਕ ਪੈਲੇਸ ਵਿੱਚ ਵਾਪਰੀ ਇਸ ਘਟਨਾ ਵਿੱਚ ਲਾਲਪੁਰਾ ਅਤੇ ਹੋਰ ਟੈਕਸੀ ਡਰਾਈਵਰਾਂ ਵੱਲੋਂ ਜਾਤੀਵਾਦੀ ਗਾਲੀਆਂ ਅਤੇ ਸਰੀਰਕ ਹਮਲੇ ਦੀ ਸ਼ਿਕਾਇਤ ਕੀਤੀ ਸੀ। ਇਸ ਘਟਨਾ ਨੇ ਉਸ ਵੇਲੇ ਪੂਰੇ ਦੇਸ਼ ਵਿੱਚ ਹਲਚਲ ਮਚਾ ਦਿੱਤੀ ਸੀ ਅਤੇ ਸੁਪਰੀਮ ਕੋਰਟ ਨੇ ਸੁਓ ਮੋਟੋ ਨੋਟਿਸ ਲੈ ਕੇ ਪੀੜਤ ਨੂੰ ਪੈਰਾਮਿਲਟਰੀ ਫੋਰਸ ਦੀ ਸੁਰੱਖਿਆ ਮੁਹੱਈਆ ਕਰਵਾਈ ਸੀ।
ਅਦਾਲਤ ਨੇ ਲਾਲਪੁਰਾ ਤੋਂ ਇਲਾਵਾ ਪੰਜ ਪੁਲਿਸ ਅਧਿਕਾਰੀਆਂ – ਦਵਿੰਦਰ ਕੁਮਾਰ, ਸਾਰਜ ਸਿੰਘ, ਅਸ਼ਵਨੀ ਕੁਮਾਰ, ਤਰਸੇਮ ਸਿੰਘ ਅਤੇ ਹਰਜਿੰਦਰ ਸਿੰਘ – ਨੂੰ ਵੀ ਦੋਸ਼ੀ ਠਹਿਰਾਇਆ ਸੀ। ਇਹ ਅਧਿਕਾਰੀ ਘਟਨਾ ਤੋਂ ਬਾਅਦ ਪੀੜਤ ਨੂੰ ਨਿਆਂ ਨਾ ਦੇਣ ਅਤੇ ਮਾਮਲੇ ਨੂੰ ਰੋਕਣ ਦੇ ਦੋਸ਼ੀ ਪਾਏ ਗਏ ਸਨ।