ਬਿਹਾਰ :- ਬਿਹਾਰ ਦੇ ਜਮੁਈ ਜ਼ਿਲ੍ਹੇ ਵਿੱਚ ਦੇਰ ਰਾਤ ਇੱਕ ਗੰਭੀਰ ਰੇਲ ਹਾਦਸਾ ਵਾਪਰਿਆ, ਜਦੋਂ ਸੀਮੈਂਟ ਲਿਜਾ ਰਹੀ ਮਾਲਗੱਡੀ ਦੇ ਕਈ ਡੱਬੇ ਅਚਾਨਕ ਪਟੜੀ ਤੋਂ ਉਤਰ ਗਏ। ਹਾਦਸੇ ਦੌਰਾਨ ਗੱਡੀ ਦੇ 17 ਡੱਬੇ ਪਟੜੀ ਤੋਂ ਹੇਠਾਂ ਡਿੱਗ ਗਏ, ਜਿਨ੍ਹਾਂ ਵਿੱਚੋਂ ਤਿੰਨ ਡੱਬੇ ਨੇੜੇ ਵਗਦੀ ਨਦੀ ਵਿੱਚ ਜਾ ਸਮਾਏ। ਇਸ ਘਟਨਾ ਨਾਲ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ।
ਬਰੂਆ ਨਦੀ ਦੇ ਪੁਲ ’ਤੇ ਵਾਪਰੀ ਘਟਨਾ
ਮਿਲੀ ਜਾਣਕਾਰੀ ਮੁਤਾਬਕ ਹਾਦਸਾ ਝਾਝਾ-ਜਸੀਦੀਹ ਰੇਲਵੇ ਸੈਕਸ਼ਨ ’ਤੇ ਸਥਿਤ ਤੇਲਵਾ ਹਾਲਟ ਦੇ ਨੇੜੇ, ਸਿਮੁਲਤਾਲਾ ਇਲਾਕੇ ਵਿੱਚ ਬਰੂਆ ਨਦੀ ਦੇ ਪੁਲ ’ਤੇ ਵਾਪਰਿਆ। ਮਾਲਗੱਡੀ ਜਦੋਂ ਪੁਲ ਤੋਂ ਲੰਘ ਰਹੀ ਸੀ, ਉਸ ਸਮੇਂ ਅਚਾਨਕ ਡੱਬਿਆਂ ਦੀ ਲੜੀ ਬੇਤਰਤੀਬ ਹੋ ਗਈ ਅਤੇ ਇੱਕ-ਇੱਕ ਕਰਕੇ ਕਈ ਡੱਬੇ ਪਟੜੀ ਤੋਂ ਉਤਰ ਗਏ।
ਰੇਲ ਆਵਾਜਾਈ ਪ੍ਰਭਾਵਿਤ, ਅਧਿਕਾਰੀ ਮੌਕੇ ’ਤੇ
ਹਾਦਸੇ ਦੀ ਸੂਚਨਾ ਮਿਲਦੇ ਹੀ ਰੇਲਵੇ ਪ੍ਰਸ਼ਾਸਨ ਵਿੱਚ ਹੜਕੰਪ ਮਚ ਗਿਆ। ਉੱਚ ਅਧਿਕਾਰੀ ਅਤੇ ਤਕਨੀਕੀ ਟੀਮਾਂ ਤੁਰੰਤ ਮੌਕੇ ’ਤੇ ਪਹੁੰਚ ਗਈਆਂ ਅਤੇ ਹਾਲਾਤਾਂ ਨੂੰ ਕਾਬੂ ਵਿੱਚ ਲਿਆ ਗਿਆ। ਹਾਦਸੇ ਕਾਰਨ ਇਸ ਰੂਟ ’ਤੇ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਅਤੇ ਕਈ ਟ੍ਰੇਨਾਂ ਨੂੰ ਰੋਕਿਆ ਜਾਂ ਮੋੜਿਆ ਗਿਆ।
ਬਚਾਅ ਅਤੇ ਬਹਾਲੀ ਕਾਰਜ ਜਾਰੀ
ਫਿਲਹਾਲ ਹਾਦਸਾਗ੍ਰਸਤ ਡੱਬਿਆਂ ਨੂੰ ਹਟਾਉਣ ਅਤੇ ਪਟੜੀ ਨੂੰ ਦੁਬਾਰਾ ਚਾਲੂ ਕਰਨ ਲਈ ਬਚਾਅ ਤੇ ਬਹਾਲੀ ਕਾਰਜ ਜਾਰੀ ਹਨ। ਰੇਲਵੇ ਅਧਿਕਾਰੀਆਂ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੁੱਖ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਤੁਰੰਤ ਕੋਈ ਸੂਚਨਾ ਨਹੀਂ ਮਿਲੀ।

