ਚੰਡੀਗੜ੍ਹ :- ਪੰਜਾਬ ਵਿੱਚ ਨਸ਼ਿਆਂ ਦੇ ਜਾਲ ਖ਼ਿਲਾਫ਼ ਸੁਰੱਖਿਆ ਏਜੰਸੀਆਂ ਨੇ ਇੱਕ ਵੱਡੀ ਸਫ਼ਲਤਾ ਦਰਜ ਕੀਤੀ ਹੈ। ਸਰਹੱਦੀ ਇਲਾਕੇ ‘ਚ ਐਂਟੀ ਨਾਰਕੋਟਿਕਸ ਟਾਸਕ ਫੋਰਸ (ਬਾਰਡਰ ਰੇਂਜ) ਅਤੇ ਬਾਰਡਰ ਸੁਰੱਖਿਆ ਬਲ ਵੱਲੋਂ ਚਲਾਏ ਗਏ ਸਾਂਝੇ ਆਪ੍ਰੇਸ਼ਨ ਦੌਰਾਨ ਲਗਭਗ 20 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਕਾਰਵਾਈ ਵਿੱਚ ਨਸ਼ਾ ਸਪਲਾਈ ਨੈੱਟਵਰਕ ਨਾਲ ਜੁੜੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਸਪਲਾਈ ਚੇਨ ਦਾ ਮੁੱਖ ਸੰਚਾਲਕ ਵੀ ਗ੍ਰਿਫ਼ਤ ‘ਚ
ਅਧਿਕਾਰੀਆਂ ਮੁਤਾਬਕ ਬਰਾਮਦ ਕੀਤੀ ਗਈ ਹੈਰੋਇਨ ਦਾ ਕੁੱਲ ਵਜ਼ਨ 19.980 ਕਿਲੋਗ੍ਰਾਮ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ‘ਚ ਉਹ ਵਿਅਕਤੀ ਵੀ ਸ਼ਾਮਲ ਹੈ, ਜੋ ਪੰਜਾਬ ਅੰਦਰ ਨਸ਼ੇ ਦੀ ਆਵਾਜਾਈ ਅਤੇ ਵੰਡ ਦੀ ਯੋਜਨਾ ਬਣਾਉਂਦਾ ਸੀ। ਪੁਲਿਸ ਮੰਨਦੀ ਹੈ ਕਿ ਇਹ ਗ੍ਰਿਫ਼ਤਾਰੀ ਨਸ਼ਾ ਤਸਕਰੀ ਦੇ ਜਾਲ ਲਈ ਵੱਡਾ ਝਟਕਾ ਹੈ।
ਪਾਕਿਸਤਾਨੀ ਹੈਂਡਲਰਾਂ ਨਾਲ ਸਿੱਧਾ ਜੋੜ
ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀਆਂ ਦੇ ਸਬੰਧ ਪਾਕਿਸਤਾਨ ‘ਚ ਬੈਠੇ ਹੈਂਡਲਰਾਂ ਨਾਲ ਹਨ। ਇਹ ਗਿਰੋਹ ਸਰਹੱਦ ਪਾਰ ਤੋਂ ਨਸ਼ਾ ਮੰਗਵਾ ਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ‘ਚ ਸਪਲਾਈ ਕਰਦਾ ਸੀ। ਜਾਂਚ ਏਜੰਸੀਆਂ ਵੱਲੋਂ ਸੰਚਾਰ ਸਾਧਨਾਂ ਅਤੇ ਰੂਟਾਂ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਐਨਡੀਪੀਐਸ ਐਕਟ ਤਹਿਤ ਕੇਸ ਦਰਜ, ਜਾਂਚ ਤੇਜ਼
ਮਾਮਲੇ ਸਬੰਧੀ ਐਨਡੀਪੀਐਸ ਐਕਟ ਦੇ ਤਹਿਤ ਐਫ਼ਆਈਆਰ ਦਰਜ ਕਰ ਲਈ ਗਈ ਹੈ। ਪੁਲਿਸ ਦੀਆਂ ਟੀਮਾਂ ਸਰਹੱਦ ਪਾਰ ਬੈਠੇ ਹੈਂਡਲਰਾਂ ਦੀ ਪਛਾਣ, ਨਸ਼ਾ ਤਸਕਰੀ ਦੇ ਰੂਟਾਂ ਅਤੇ ਪੂਰੇ ਨੈੱਟਵਰਕ ਨੂੰ ਬੇਨਕਾਬ ਕਰਨ ਵਿੱਚ ਜੁੱਟੀਆਂ ਹੋਈਆਂ ਹਨ।
ਡੀਜੀਪੀ ਦਾ ਬਿਆਨ: ਨਸ਼ਿਆਂ ਖ਼ਿਲਾਫ਼ ਸਖ਼ਤ ਰੁਖ਼
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਸੂਬੇ ‘ਚ ਨਸ਼ਿਆਂ ਅਤੇ ਸਰਹੱਦ ਪਾਰ ਸਰਗਰਮ ਨਾਰਕੋ ਨੈੱਟਵਰਕਾਂ ਨੂੰ ਜੜੋਂ ਸਮੇਤ ਖਤਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ ਦਿਨਾਂ ‘ਚ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੋਰ ਤੇਜ਼ ਕੀਤੀਆਂ ਜਾਣਗੀਆਂ।

