ਨਵੀਂ ਦਿੱਲੀ :- ਲੋਕ ਸਭਾ ਨੇ ਬੁੱਧਵਾਰ ਨੂੰ ਉਹ ਕਾਨੂੰਨ ਪਾਸ ਕਰ ਦਿੱਤਾ ਜਿਸਦੇ ਤਹਿਤ ਪੈਸਿਆਂ ਨਾਲ ਖੇਡੀਆਂ ਜਾਣ ਵਾਲੀਆਂ ਆਨਲਾਈਨ ਗੇਮਾਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਜਾਵੇਗੀ। ਇਹ ਫ਼ੈਸਲਾ ਵੱਧ ਰਹੀਆਂ ਆਦਤਾਂ, ਮਨੀ ਲਾਂਡਰਿੰਗ ਅਤੇ ਆਰਥਿਕ ਧੋਖਾਧੜੀ ਦੇ ਮਾਮਲਿਆਂ ‘ਤੇ ਰੋਕ ਲਗਾਉਣ ਲਈ ਕੀਤਾ ਗਿਆ ਹੈ।
ਆਨਲਾਈਨ ਗੇਮਿੰਗ ਪ੍ਰੋਮੋਸ਼ਨ ਅਤੇ ਰੈਗੂਲੇਸ਼ਨ ਬਿੱਲ, 2025 ਦੇ ਤਹਿਤ ਹੁਣ ਇਸ ਤਰ੍ਹਾਂ ਦੀਆਂ ਗੇਮਾਂ ਦੇ ਇਸ਼ਤਿਹਾਰਾਂ ‘ਤੇ ਵੀ ਰੋਕ ਹੋਵੇਗੀ। ਨਾਲ ਹੀ, ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨੂੰ ਵੀ ਐਸੀਆਂ ਗੇਮਾਂ ਲਈ ਪੈਸਿਆਂ ਦੀ ਲੈਣ-ਦੇਣ ਕਰਨ ਤੋਂ ਮਨ੍ਹਾਂ ਕਰ ਦਿੱਤਾ ਗਿਆ ਹੈ।
ਇਹ ਬਿੱਲ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਿਨੀ ਵੈਸ਼ਣਵ ਵੱਲੋਂ ਸੰਸਦ ‘ਚ ਰੱਖਿਆ ਗਿਆ ਸੀ ਅਤੇ ਛੋਟੇ ਵਿਚਾਰ-ਵਟਾਂਦਰੇ ਤੋਂ ਬਾਅਦ ਆਵਾਜ਼ੀ ਮਤਦਾਨ ਰਾਹੀਂ ਪਾਸ ਹੋ ਗਿਆ। ਹਾਲਾਂਕਿ, ਇਸ ਦੌਰਾਨ ਵਿਰੋਧੀ ਧਿਰ ਵੱਲੋਂ ਲੋਕ ਸਭਾ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ।