ਚੰਡੀਗੜ੍ਹ :- ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਉਪਲੱਖ ‘ਚ ਦੂਜੇ ਗੇੜ ਦੇ ਲਾਈਟ ਐਂਡ ਸਾਊਂਡ ਸ਼ੋਅ 8 ਨਵੰਬਰ ਨੂੰ ਗੁਰਦਾਸਪੁਰ, ਫਰੀਦਕੋਟ, ਫਾਜ਼ਿਲਕਾ ਅਤੇ ਹੁਸ਼ਿਆਰਪੁਰ ਵਿੱਚ ਕਰਵਾਏ ਜਾਣਗੇ।
ਗੁਰਦਾਸਪੁਰ ‘ਚ ਕਟਾਰੂਚੱਕ, ਫਰੀਦਕੋਟ ‘ਚ ਸੰਧਵਾਂ ਪਹੁੰਚਣਗੇ
ਸੌਂਦ ਨੇ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਦਾ ਸ਼ੋਅ ਆਈ.ਟੀ.ਆਈ. ਬਟਾਲਾ ਵਿੱਚ ਹੋਵੇਗਾ, ਜਿਸ ਵਿੱਚ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਹਾਜ਼ਰੀ ਭਰਨਗੇ। ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿਖੇ ਹੋਣ ਵਾਲੇ ਸ਼ੋਅ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ਼ਾਮਲ ਹੋਣਗੇ।
ਫਾਜ਼ਿਲਕਾ ਤੇ ਹੁਸ਼ਿਆਰਪੁਰ ਦੇ ਸਮਾਗਮਾਂ ਵਿੱਚ ਮੰਤਰੀ ਤੇ ਸਾਂਸਦ ਹੋਣਗੇ ਹਾਜ਼ਰ
ਫਾਜ਼ਿਲਕਾ ਦੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ‘ਚ ਲਾਈਟ ਐਂਡ ਸਾਊਂਡ ਸ਼ੋਅ ਦੌਰਾਨ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਸ਼ਮੂਲੀਅਤ ਕਰਨਗੇ। ਹੁਸ਼ਿਆਰਪੁਰ ਦੇ ਮਲਟੀਪਰਪਜ਼ ਆਊਟਡੋਰ ਸਟੇਡੀਅਮ, ਲਾਜਵੰਤੀ ਵਿਖੇ ਹੋਣ ਵਾਲੇ ਸ਼ੋਅ ‘ਚ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੋੜੀ, ਮੰਤਰੀ ਡਾ. ਰਵਜੋਤ ਸਿੰਘ ਤੇ ਸਾਂਸਦ ਡਾ. ਰਾਜ ਕੁਮਾਰ ਚੱਬੇਵਾਲ ਮੌਜੂਦ ਰਹਿਣਗੇ।
ਲੇਜ਼ਰ ਤੇ 3ਡੀ ਪ੍ਰੋਜੈਕਸ਼ਨ ਰਾਹੀਂ ਦਰਸਾਈ ਜਾਵੇਗੀ ਗੁਰੂ ਜੀ ਦੀ ਜ਼ਿੰਦਗੀ ਤੇ ਕੁਰਬਾਨੀ
ਸੌਂਦ ਨੇ ਦੱਸਿਆ ਕਿ ਇਨ੍ਹਾਂ ਸ਼ੋਅਜ਼ ਵਿੱਚ ਆਧੁਨਿਕ ਲੇਜ਼ਰ ਲਾਈਟਾਂ ਤੇ 3ਡੀ ਪ੍ਰੋਜੈਕਸ਼ਨ ਰਾਹੀਂ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਫ਼ਲਸਫ਼ੇ ਅਤੇ ਧਰਮ ਦੀ ਰੱਖਿਆ ਲਈ ਦਿੱਤੀ ਗਈ ਮਹਾਨ ਕੁਰਬਾਨੀ ਨੂੰ ਦਰਸਾਇਆ ਜਾ ਰਿਹਾ ਹੈ, ਤਾਂ ਜੋ ਨੌਜਵਾਨ ਪੀੜੀ ਨੂੰ ਗੁਰੂ ਸਾਹਿਬ ਦੇ ਦਰਸਾਏ ਰਾਹ ‘ਤੇ ਤੁਰਨ ਲਈ ਪ੍ਰੇਰਨਾ ਮਿਲੇ।
4 ਨਵੰਬਰ ਦੇ ਸ਼ੋਅ ਮਿਲੀ ਵੱਡੀ ਸਫਲਤਾ, ਸੰਗਤਾਂ ਨੂੰ 8 ਨਵੰਬਰ ਨੂੰ ਆਉਣ ਦੀ ਅਪੀਲ
ਮੰਤਰੀ ਨੇ ਕਿਹਾ ਕਿ 4 ਨਵੰਬਰ ਨੂੰ ਪਟਿਆਲਾ, ਜਲੰਧਰ, ਫਤਹਿਗੜ੍ਹ ਸਾਹਿਬ ਅਤੇ ਪਠਾਨਕੋਟ ਵਿੱਚ ਹੋਏ ਸ਼ੋਅ ਬੇਹੱਦ ਸਫਲ ਰਹੇ ਹਨ ਅਤੇ ਸੰਗਤ ਨੇ ਸਰਕਾਰ ਦੇ ਉਪਰਾਲੇ ਦੀ ਵਡੇਰੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਸੰਗਤਾਂ ਨੂੰ ਪਰਿਵਾਰਾਂ ਸਮੇਤ 8 ਨਵੰਬਰ ਨੂੰ ਹੋਣ ਵਾਲੇ ਸ਼ੋਅਜ਼ ‘ਚ ਸ਼ਿਰਕਤ ਕਰਨ ਦੀ ਅਪੀਲ ਕੀਤੀ।
ਅਗਲੇ ਪੜਾਅ ‘ਚ ਹੋਰ ਜ਼ਿਲ੍ਹਿਆਂ ‘ਚ ਵੀ ਹੋਣਗੇ ਸਮਾਗਮ
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਇਹ ਲਾਈਟ ਐਂਡ ਸਾਊਂਡ ਸ਼ੋਅ ਅਗਲੇ ਪੜਾਅ ‘ਚ 11, 14, 17 ਅਤੇ 20 ਨਵੰਬਰ ਨੂੰ ਸੂਬੇ ਦੇ ਹੋਰ ਜ਼ਿਲ੍ਹਿਆਂ ਵਿੱਚ ਵੀ ਕਰਵਾਏ ਜਾਣਗੇ।

