ਸ਼ਿਮਲਾ :- ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਹੋ ਰਹੀ ਮੋਸਲਾਧਾਰ ਬਾਰਿਸ਼ ਨੇ ਇਕ ਵਾਰ ਫਿਰ ਕਹਿਰ ਢਾਹ ਦਿੱਤਾ ਹੈ। ਸ਼ਿਮਲਾ ਦੇ ਬੈਨਮੋਰ ਇਲਾਕੇ, ਰਾਮਚੰਦਰ ਚੌਂਕ ਨੇੜੇ ਸੋਮਵਾਰ ਦੇਰ ਰਾਤ ਨੂੰ ਵਾਪਰੇ ਭੂਸਖਲਨ ਕਾਰਨ ਲੋਕਾਂ ਵਿਚ ਦਹਿਸ਼ਤ ਫੈਲ ਗਈ। ਇਸ ਹਾਦਸੇ ਵਿੱਚ 30 ਤੋਂ ਵੱਧ ਪਰਿਵਾਰਾਂ ਨੂੰ ਘਰਾਂ ਤੋਂ ਖਾਲੀ ਕਰਵਾਉਣਾ ਪਿਆ।
ਰਾਤ 10:30 ਵਜੇ ਤੋਂ ਅੱਧੀ ਰਾਤ ਤੱਕ ਚਲਦਾ ਰਿਹਾ ਧਸਣ
ਭੂਸਖਲਨ ਦਾ ਇਹ ਸਿਲਸਿਲਾ ਰਾਤ 10:30 ਵਜੇ ਸ਼ੁਰੂ ਹੋਇਆ ਅਤੇ ਲਗਾਤਾਰ ਅੱਧੀ ਰਾਤ ਤੱਕ ਮਿੱਟੀ ਤੇ ਦਰੱਖ਼ਤਾਂ ਦੇ ਧਸਣ ਦਾ ਦੌਰ ਜਾਰੀ ਰਿਹਾ। ਇਸ ਕਾਰਨ ਬਿਜਲੀ, ਪਾਣੀ ਸਪਲਾਈ ਅਤੇ ਸੜਕ ਸੰਪਰਕ ਪੂਰੀ ਤਰ੍ਹਾਂ ਠੱਪ ਹੋ ਗਿਆ। ਖ਼ਾਸ ਕਰਕੇ ਜਾਖੂ ਰੋਡ ਨਾਲ ਸੰਪਰਕ ਟੁੱਟਣ ਕਾਰਨ ਕਈ ਪਰਿਵਾਰ ਫਸ ਕੇ ਰਹਿ ਗਏ।
ਵਿਰੋਧੀ ਧਿਰ ਦਾ ਸਰਕਾਰ ‘ਤੇ ਨਿਸ਼ਾਨਾ
ਪੂਰਵ ਮੁੱਖ ਮੰਤਰੀ ਤੇ ਵਿਰੋਧੀ ਧਿਰ ਦੇ ਨੇਤਾ ਜੈ ਰਾਮ ਠਾਕੁਰ, ਜੋ ਰਾਮਚੰਦਰ ਚੌਂਕ ਇਲਾਕੇ ਵਿਚ ਹੀ ਰਹਿੰਦੇ ਹਨ, ਖੁਦ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਕਿਹਾ, “ਪਿਛਲੇ ਸਾਲ 70 ਲੱਖ ਦੀ ਲਾਗਤ ਨਾਲ ਬਣਾਈ ਗਈ ਰੀਟੇਨਿੰਗ ਵਾਲ ਅੱਜ ਹੀ ਢਹਿ ਗਈ। ਉੱਪਰਲੇ ਅਤੇ ਹੇਠਲੇ ਦੋਵੇਂ ਇਲਾਕੇ ਹੁਣ ਵੱਡੇ ਖ਼ਤਰੇ ਹੇਠ ਹਨ। ਐਂਬੂਲੈਂਸ ਵੀ ਇੱਥੇ ਨਹੀਂ ਪਹੁੰਚ ਸਕਦੀ ਕਿਉਂਕਿ ਸੜਕ ਪੂਰੀ ਤਰ੍ਹਾਂ ਬੰਦ ਹੈ।”
ਲੋਕਾਂ ਨੇ ਜਤਾਈ ਨਾਰਾਜ਼ਗੀ
ਸਥਾਨਕ ਰਹਿਣ ਵਾਲਿਆਂ ਦਾ ਕਹਿਣਾ ਹੈ ਕਿ 15–20 ਦਿਨ ਪਹਿਲਾਂ ਹੀ ਸੜਕ ‘ਤੇ ਦਰਾਰਾਂ ਆਉਣ ਸ਼ੁਰੂ ਹੋ ਗਈਆਂ ਸਨ, ਪਰ ਸਰਕਾਰ ਨੇ ਧਿਆਨ ਨਹੀਂ ਦਿੱਤਾ। ਰਹਾਇਸ਼ੀ ਕਮਲ ਕ੍ਰਿਸ਼ਨ ਸ਼ਰਮਾ ਨੇ ਦੱਸਿਆ, “ਕੱਲ੍ਹ ਸ਼ਾਮ ਦਰਾਰਾਂ ਖਤਰਨਾਕ ਢੰਗ ਨਾਲ ਵੱਧ ਗਈਆਂ। ਰਾਤ 9:30 ਵਜੇ ਕੁਝ ਪਰਿਵਾਰ ਆਪਣੇ ਘਰਾਂ ਤੋਂ ਨਿਕਲ ਗਏ, ਤੇ 10 ਵਜੇ ਧਸਣ ਸ਼ੁਰੂ ਹੋ ਗਿਆ। 11:30 ਵਜੇ ਤੱਕ ਮਿੱਟੀ ਤੇ ਦਰੱਖ਼ਤਾਂ ਦਾ ਡਿੱਗਣਾ ਜਾਰੀ ਰਿਹਾ।”
ਉਨ੍ਹਾਂ ਕਿਹਾ ਕਿ ਲੋਕ ਹੁਣ ਅਸਥਾਈ ਠਿਕਾਣਿਆਂ ਦੀ ਤਲਾਸ਼ ‘ਚ ਹਨ, ਕਿਉਂਕਿ ਮੀਂਹ ਦਾ ਪਾਣੀ ਤੇ ਮਿੱਟੀ ਦੀ ਹਿਲਜੁਲ ਨੇ ਰੀਟੇਨਿੰਗ ਢਾਂਚਿਆਂ ਨੂੰ ਕਮਜ਼ੋਰ ਕਰ ਦਿੱਤਾ ਹੈ, ਜਿਸ ਨਾਲ ਘਰਾਂ ਨੂੰ ਗੰਭੀਰ ਖ਼ਤਰਾ ਬਣਿਆ ਹੋਇਆ ਹੈ।
ਪ੍ਰਸ਼ਾਸਨ ਦੀ ਮੁਸ਼ਕਲ
ਜਿਲ੍ਹਾ ਪ੍ਰਸ਼ਾਸਨ ਨੇ ਕਿਹਾ ਹੈ ਕਿ ਮਲਬਾ ਹਟਾਉਣ ਦਾ ਕੰਮ ਜਾਰੀ ਹੈ, ਪਰ ਲਗਾਤਾਰ ਬਾਰਿਸ਼ ਅਤੇ ਕਮਜ਼ੋਰ ਢਲਾਣ ਕਾਰਨ ਰਾਹਤ ਕਾਰਜਾਂ ਵਿੱਚ ਰੁਕਾਵਟ ਆ ਰਹੀ ਹੈ। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਮੰਡੀ, ਕੁੱਲੂ ਅਤੇ ਚੰਬਾ ਸਮੇਤ ਕਈ ਹੋਰ ਜ਼ਿਲ੍ਹਿਆਂ ਵਿੱਚ ਵੀ ਮੌਸਮ ਕਾਰਨ ਭੂਸਖਲਨ ਦੇ ਖ਼ਤਰੇ ਵਧ ਗਏ ਹਨ, ਜਿਸ ਮਾਮਲੇ ਨੂੰ ਚੱਲ ਰਹੇ ਵਿਧਾਨ ਸਭਾ ਸੈਸ਼ਨ ਵਿੱਚ ਵੀ ਉਠਾਇਆ ਗਿਆ ਹੈ।