(Kapil sharma statement) ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ‘ਚ ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਦੇ ਕੈਫੇ ‘ਤੇ ਹੋਏ ਹਮਲੇ ਦੇ ਨਿਸ਼ਾਨ ਹਾਲੇ ਵੀ ਬਰਕਰਾਰ ਹਨ। ਇਸ ਘਟਨਾ ਤੋਂ ਬਾਅਦ ਕਪਿਲ ਸ਼ਰਮਾ ਨੇ ਆਪਣੀ ਚੁੱਪੀ ਤੋੜਦੇ ਹੋਏ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਜਾਰੀ ਕੀਤੀ ਹੈ। ਕਪਿਲ ਨੇ ਕਿਹਾ ਕਿ ਉਹ ਅਤੇ ਉਸਦੀ ਟੀਮ ਹਿੰਸਾ ਦੇ ਖ਼ਿਲਾਫ਼ ਇੱਕਜੁੱਟ ਹੋ ਕੇ ਖੜੀ ਹੈ। ਕਪਿਲ ਨੇ ਸ਼ਾਂਤੀ, ਭਾਈਚਾਰੇ ਅਤੇ ਕਾਨੂੰਨੀ ਪ੍ਰਕਿਰਿਆ ‘ਚ ਭਰੋਸਾ ਰੱਖਣ ਦੀ ਅਪੀਲ ਕੀਤੀ।
ਪ੍ਰਸ਼ਾਸਨ ਤੇ ਮੇਅਰ ਵੱਲੋਂ ਸਖ਼ਤ ਕਾਰਵਾਈ ਦਾ ਆਸਵਾਸ਼ਨ
ਹਮਲੇ ਦੇ ਤੁਰੰਤ ਬਾਅਦ ਸਥਾਨਕ ਪ੍ਰਸ਼ਾਸਨ ਵੀ ਐਕਸ਼ਨ ‘ਚ ਆ ਗਿਆ। ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਦੀ ਮੇਅਰ ਬ੍ਰੇਂਡਾ ਲੌਕ (Brenda Locke) ਅਤੇ ਉੱਚ ਪੁਲਿਸ ਅਧਿਕਾਰੀ ਕੈਫੇ ‘ਤੇ ਪਹੁੰਚੇ। ਉਨ੍ਹਾਂ ਨੇ ਨਾ ਸਿਰਫ ਘਟਨਾ ਦੀ ਜਾਂਚ ਦੀ ਗੱਲ ਕੀਤੀ, ਸਗੋਂ ਕੈਫੇ ਵਿਚ ਖਾਣਾ ਖਾ ਕੇ ਇਹ ਸੰਦੇਸ਼ ਵੀ ਦਿੱਤਾ ਕਿ ਸਥਾਨਕ ਸਰਕਾਰ ਕਪਿਲ ਸ਼ਰਮਾ ਦੇ ਨਾਲ ਖੜੀ ਹੈ। ਮੇਅਰ ਨੇ ਕਿਹਾ ਕਿ ਇੰਝ ਦੀਆਂ ਘਟਨਾਵਾਂ ਨੂੰ ਸਹਿਨ ਨਹੀਂ ਕੀਤਾ ਜਾਵੇਗਾ ਅਤੇ ਜਿੰਨ੍ਹਾਂ ਨੇ ਵੀ ਇਹ ਹਮਲਾ ਕੀਤਾ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪੁਲਿਸ ਵੱਲੋਂ ਕੈਫੇ ’ਚ ਲਗੀਆਂ ਸੀਸੀਟੀਵੀ ਫੁਟੇਜ ਅਤੇ ਹੋਰ ਗਵਾਹੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਹਮਲੇ ‘ਚ ਕਿਸੇ ਵੀ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ, ਪਰ ਘਟਨਾ ਨੇ ਸਥਾਨਕ ਭਾਈਚਾਰੇ ਵਿੱਚ ਚਿੰਤਾ ਜ਼ਰੂਰ ਪੈਦਾ ਕੀਤੀ ਹੈ। ਕਪਿਲ ਸ਼ਰਮਾ ਨੇ ਵੀਡੀਓ ਰਾਹੀਂ ਕੈਫੇ ਦੇ ਸਟਾਫ਼, ਕਸਟਮਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਕੈਨੇਡਾ ਵਿੱਚ ਭਾਈਚਾਰੇ ਦੇ ਸਮਰਥਨ ਨਾਲ ਬਹੁਤ ਪ੍ਰੇਰਿਤ ਹਨ।