ਹੈਦਰਾਬਾਦ :- ਹੈਦਰਾਬਾਦ ਦੇ ਚੰਦਾ ਨਗਰ ਇਲਾਕੇ ਤੋਂ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਚੌਥੀ ਜਮਾਤ ਵਿੱਚ ਪੜ੍ਹਦਾ ਨੌਂ ਸਾਲਾ ਬੱਚਾ ਪ੍ਰਸ਼ਾਂਤ ਸਕੂਲ ਤੋਂ ਘਰ ਆਉਣ ਮਗਰੋਂ ਖੁਦਕੁਸ਼ੀ ਕਰ ਬੈਠਾ। ਪਰਿਵਾਰਕ ਮੈਂਬਰਾਂ ਮੁਤਾਬਕ, ਬੱਚਾ ਘਰ ਆ ਕੇ ਨਾ ਤਾਂ ਵਰਦੀ ਉਤਾਰ ਸਕਿਆ ਅਤੇ ਨਾ ਹੀ ਬੈਗ ਰੱਖਿਆ; ਉਹ ਸਿੱਧਾ ਵਾਸ਼ਰੂਮ ਵੱਲ ਚਲਾ ਗਿਆ।
ਪਰਿਵਾਰ ਨੇ ਦਰਵਾਜ਼ਾ ਤੋੜਿਆ, ਦ੍ਰਿਸ਼ ਨੇ ਸਭ ਨੂੰ ਝੰਜੋੜ ਦਿੱਤਾ
ਕਾਫ਼ੀ ਦੇਰ ਤੱਕ ਬਾਹਰ ਨਾ ਆਉਣ ’ਤੇ ਪਰਿਵਾਰ ਨੂੰ ਸ਼ੱਕ ਹੋਇਆ। ਦਰਵਾਜ਼ਾ ਤੋੜ ਕੇ ਦੇਖਿਆ ਤਾਂ ਪ੍ਰਸ਼ਾਂਤ ਆਈਡੀ ਕਾਰਡ ਦੀ ਰੱਸੀ ਨਾਲ ਫਾਹੇ ’ਚ ਲਟਕਦਾ ਮਿਲਿਆ। ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਪਿਤਾ ਦਾ ਬਿਆਨ: ਬੱਚਾ ਸਧਾਰਣ ਤੇ ਚੁਸਤ ਸੀ
ਪ੍ਰਸ਼ਾਂਤ ਦੇ ਪਿਤਾ ਸ਼ੰਕਰ ਨੇ ਦੱਸਿਆ ਕਿ ਉਹ ਪ੍ਰਾਈਵੇਟ ਸਕੂਲ ਵਿੱਚ ਪੜ੍ਹਦਾ ਸੀ ਅਤੇ ਘਰ ’ਚ ਉਸਦੇ ਵਿਵਹਾਰ ਤੋਂ ਕਿਸੇ ਤਣਾਅ ਦਾ ਅਹਿਸਾਸ ਨਹੀਂ ਹੋਇਆ ਸੀ। ਉਹ ਆਮ ਦਿਨਾਂ ਵਾਂਗ ਸਕੂਲ ਤੋਂ ਵਾਪਸ ਆਇਆ ਸੀ।
ਪੁਲਿਸ ਜਾਂਚ ’ਚ ਜੁਟੀ, ਕਾਰਨ ਅਜੇ ਅਣਜਾਣ
ਚੰਦਾ ਨਗਰ ਪੁਲਿਸ ਨੇ ਸ਼ੱਕੀ ਹਾਲਾਤਾਂ ਹੇਠ ਮੌਤ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਪਿਆਂ ਦੇ ਬਿਆਨ ਲਏ ਜਾ ਚੁੱਕੇ ਹਨ। ਪੋਸਟਮਾਰਟਮ ਮਗਰੋਂ ਲਾਸ਼ ਜੱਦੀ ਪਿੰਡ ਭੇਜੀ ਗਈ, ਜਿੱਥੇ ਅੰਤਿਮ ਸੰਸਕਾਰ ਕੀਤਾ ਗਿਆ।
ਸਕੂਲ ’ਚ ਤੰਗ ਪਰੇਸ਼ਾਨੀ ਦੇ ਇਸ਼ਾਰੇ
ਮੀਡੀਆ ਰਿਪੋਰਟਾਂ ਅਨੁਸਾਰ, ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪ੍ਰਸ਼ਾਂਤ ਆਪਣੇ ਸਹਿਪਾਠੀਆਂ ਵੱਲੋਂ ਸਕੂਲ ਵਰਦੀ ਸਹੀ ਢੰਗ ਨਾਲ ਨਾ ਪਹਿਨਣ ’ਤੇ ਕੀਤੀ ਜਾਣ ਵਾਲੀ ਛੇੜਛਾੜ ਤੋਂ ਮਨੋਂ ਦੁਖੀ ਸੀ। ਪੁਲਿਸ ਹਰ ਪੱਖੋਂ ਮਾਮਲੇ ਦੀ ਜਾਂਚ ਕਰ ਰਹੀ ਹੈ।

