ਤਰਨਤਾਰਨ :- ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕੈਰੋਂ ਨੇੜੇ ਸੋਮਵਾਰ ਸ਼ਾਮ ਗੋਲੀਬਾਰੀ ਦੀ ਭਿਆਨਕ ਘਟਨਾ ਸਾਹਮਣੇ ਆਈ ਹੈ। ਦੋ ਧੜਿਆਂ ਵਿਚਾਲੇ ਹੋਈ ਫਾਇਰਿੰਗ ਵਿੱਚ 19 ਸਾਲਾ ਸਮਰਪ੍ਰੀਤ ਸਿੰਘ ਪਿੰਡ ਕਰਮੂਵਾਲ ਅਤੇ 18 ਸਾਲਾ ਸੌਰਵਪ੍ਰੀਤ ਸਿੰਘ ਪੁੱਤਰ ਹਰਜੀਤ ਸਿੰਘ ਪਿੰਡ ਮਰਹਾਣਾ ਦੀ ਮੌਤ ਹੋ ਗਈ। ਦੋਵੇਂ ਨੌਜਵਾਨ ਰੈਪਰ ਤੇ ਸੋਸ਼ਲ ਮੀਡੀਆ ਇਨਫਲੂਐਂਸਰ ਜਸ ਧਾਲੀਵਾਲ ਦੇ ਕਰੀਬੀ ਦੱਸੇ ਜਾ ਰਹੇ ਹਨ।
ਫਾਰਚੂਨਰ ਗੱਡੀ ‘ਤੇ ਚੱਲੀਆਂ ਅੰਨ੍ਹੇਵਾਹ ਗੋਲੀਆਂ
ਸ਼ਾਮ ਕਰੀਬ 5 ਵਜੇ ਦੋ ਧੜੇ ਰੇਲਵੇ ਫਾਟਕ ਨੇੜੇ ਆਮਨੇ-ਸਾਮਨੇ ਹੋਏ। ਇਸ ਦੌਰਾਨ ਗੱਡੀਆਂ ਵਿੱਚ ਆਏ ਹਮਲਾਵਰਾਂ ਨੇ ਫਾਰਚੂਨਰ ਗੱਡੀ ਨੂੰ ਘੇਰ ਕੇ 8 ਤੋਂ 10 ਰਾਊਂਡ ਗੋਲੀਆਂ ਚਲਾਈਆਂ। ਗੰਭੀਰ ਰੂਪ ਵਿੱਚ ਜ਼ਖ਼ਮੀ ਸਮਰਪ੍ਰੀਤ ਨੂੰ ਤਰਨਤਾਰਨ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਸੌਰਵ ਨੂੰ ਗੰਭੀਰ ਹਾਲਤ ਵਿੱਚ ਅੰਮ੍ਰਿਤਸਰ ਰੈਫਰ ਕੀਤਾ ਗਿਆ ਪਰ ਦੇਰ ਰਾਤ ਉਸ ਦੀ ਵੀ ਮੌਤ ਹੋ ਗਈ।
ਗੈਂਗ ਵੱਲੋਂ ਜ਼ਿੰਮੇਵਾਰੀ ਦਾ ਦਾਅਵਾ
ਘਟਨਾ ਤੋਂ ਬਾਅਦ ਗੈਂਗਸਟਰ ਗੋਪੀ ਘਨਸ਼ਾਮਪੁਰੀਆ ਗੈਂਗ ਵੱਲੋਂ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਾਇਰਲ ਕੀਤੀ ਗਈ, ਜਿਸ ਵਿੱਚ ਇਨ੍ਹਾਂ ਕਤਲਾਂ ਦੀ ਜ਼ਿੰਮੇਵਾਰੀ ਲਈ ਗਈ ਹੈ। ਪੁਲਸ ਹੁਣ ਇਸ ਪੋਸਟ ਦੀ ਵੀ ਜਾਂਚ ਕਰ ਰਹੀ ਹੈ।
ਸੋਸ਼ਲ ਮੀਡੀਆ ਵਿਵਾਦ ਪਿੱਛੇ ਕਾਰਨ?
ਪੁਲਸ ਸੂਤਰਾਂ ਅਨੁਸਾਰ, ਇਹ ਗੋਲੀਬਾਰੀ ਸੋਸ਼ਲ ਮੀਡੀਆ ’ਤੇ ਚੱਲ ਰਹੇ ਵਿਵਾਦ ਨਾਲ ਜੁੜੀ ਹੋਈ ਹੈ। ਕੁਝ ਸਮਾਂ ਪਹਿਲਾਂ ਇਨਫਲੂਐਂਸਰ ਮਹਿਕ ਪੰਡੋਰੀ ਨੇ ਰੈਪਰ ਜਸ ਧਾਲੀਵਾਲ ਦੀ ਇਕ ਵੀਡੀਓ ਸਾਂਝੀ ਕੀਤੀ ਸੀ, ਜਿਸ ਤੋਂ ਬਾਅਦ ਉਸ ‘ਤੇ ਹਮਲਾ ਕਰਕੇ ਕੁੱਟਮਾਰ ਕੀਤੀ ਗਈ ਸੀ। ਇਸੇ ਕਾਰਨ ਦੋਵੇਂ ਧਿਰਾਂ ਵਿਚ ਤਣਾਅ ਲਗਾਤਾਰ ਵਧਦਾ ਗਿਆ।
ਪੁਲਸ ਨੇ ਸ਼ੁਰੂ ਕੀਤੀ ਜਾਂਚ
ਘਟਨਾ ਤੋਂ ਬਾਅਦ ਐੱਸ.ਪੀ. ਰਿਪੁਤਪਨ ਸਿੰਘ, ਡੀ.ਐੱਸ.ਪੀ. ਲਵਕੇਸ਼ ਸੈਣੀ ਅਤੇ ਹੋਰ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਇਹ ਗੈਂਗਵਾਰ ਪੂਰੀ ਤਰ੍ਹਾਂ ਸੋਸ਼ਲ ਮੀਡੀਆ ਤੋਂ ਉੱਠੇ ਵਿਵਾਦ ਦਾ ਨਤੀਜਾ ਹੈ ਜਾਂ ਇਸ ਪਿੱਛੇ ਹੋਰ ਕਾਰਨ ਵੀ ਹਨ।