ਚੰਡੀਗੜ੍ਹ :- ਗੁਰਦੁਆਰਾ ਸ੍ਰੀ ਅੰਬ ਸਾਹਿਬ ਪਾਤਸ਼ਾਹੀ ਸੱਤਵੀਂ, ਸਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਨਾਲ ਸਬੰਧਤ ਪਿੰਡ ਸੈਣੀਮਾਜਰਾ (ਪ੍ਰੇਮਗੜ੍ਹ) ਵਿਖੇ ਪੈਂਦੀ 1 ਵਿਘਾ 6 ਵਿਸਬੇ 10 ਵਿਸਬਾਸੀਆਂ ਜ਼ਮੀਨ ਨੂੰ ਅਮਾਨਤ ਵਿੱਚ ਖਿਆਨਤ ਕਰਕੇ ਧੋਖਾਧੜੀ ਨਾਲ ਵੇਚਣ ਦੇ ਮਾਮਲੇ ਨੇ ਸਿੱਖ ਸੰਸਥਾ ਅੰਦਰ ਹਲਚਲ ਮਚਾ ਦਿੱਤੀ ਹੈ। ਇਸ ਮਾਮਲੇ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਕਾਰਵਾਈ ਕਰਦਿਆਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਹੈ।
ਮੈਨੇਜਰ ਖ਼ਿਲਾਫ਼ ਕਾਨੂੰਨੀ ਕਦਮ, ਹੋਰ ਦੋਸ਼ੀਆਂ ’ਤੇ ਵੀ ਨਜ਼ਰ
ਐਸਜੀਪੀਸੀ ਪ੍ਰਧਾਨ ਨੇ ਸਪੱਸ਼ਟ ਕੀਤਾ ਹੈ ਕਿ ਇਸ ਮਾਮਲੇ ’ਚ ਮੈਨੇਜਰ ਵਿਰੁੱਧ ਕਾਨੂੰਨੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ। ਨਾਲ ਹੀ ਇਹ ਵੀ ਚਿਤਾਵਨੀ ਦਿੱਤੀ ਗਈ ਹੈ ਕਿ ਜੇ ਜਾਂਚ ਦੌਰਾਨ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਈ ਤਾਂ ਉਸ ਖ਼ਿਲਾਫ਼ ਵੀ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਰਜਿਸਟਰੀ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਮੈਨੇਜਰ ਵੱਲੋਂ ਕਰਵਾਈ ਗਈ ਜ਼ਮੀਨ ਦੀ ਰਜਿਸਟਰੀ ਨੂੰ ਰੱਦ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਲਈ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ’ਤੇ ਅਧਾਰਤ ਇੱਕ ਵਿਸ਼ੇਸ਼ ਕਮੇਟੀ ਵੀ ਗਠਿਤ ਕੀਤੀ ਗਈ ਹੈ।
ਧਾਮੀ ਦਾ ਸਪੱਸ਼ਟ ਸੰਦੇਸ਼: ਗੁਰੂ ਘਰ ਦੀ ਜਾਇਦਾਦ ਨਾਲ ਕੋਈ ਮਨਮਰਜ਼ੀ ਨਹੀਂ
ਚੰਡੀਗੜ੍ਹ ਸਥਿਤ ਐਸਜੀਪੀਸੀ ਦੇ ਉਪ-ਦਫ਼ਤਰ ਵਿੱਚ ਪ੍ਰੈਸ ਵਾਰਤਾ ਦੌਰਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਅਧਿਕਾਰੀ ਜਾਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੂੰ ਆਪਣੇ ਪੱਧਰ ’ਤੇ ਗੁਰੂ ਘਰ ਨਾਲ ਸਬੰਧਤ ਕਿਸੇ ਵੀ ਜਾਇਦਾਦ ਦੀ ਖਰੀਦ-ਫ਼ਰੋਖ਼ਤ ਕਰਨ ਦਾ ਅਧਿਕਾਰ ਨਹੀਂ ਹੈ।
ਨਿਯਮਾਂ ਅਨੁਸਾਰ ਹੀ ਹੋ ਸਕਦੀ ਹੈ ਜ਼ਮੀਨ ਦੀ ਖਰੀਦ-ਫ਼ਰੋਖ਼ਤ
ਉਨ੍ਹਾਂ ਦੱਸਿਆ ਕਿ ਜੇਕਰ ਸਿੱਖ ਸੰਸਥਾ ਵੱਲੋਂ ਕਿਸੇ ਜ਼ਮੀਨ ਦੀ ਖਰੀਦ ਜਾਂ ਵਿਕਰੀ ਕਰਨੀ ਹੋਵੇ ਤਾਂ ਇਹ ਕਾਰਵਾਈ ਨਿਰਧਾਰਤ ਨਿਯਮਾਂ ਅਧੀਨ, ਅੰਤ੍ਰਿੰਗ ਕਮੇਟੀ ਦੀ ਮਨਜ਼ੂਰੀ ਤੋਂ ਬਾਅਦ ਅਤੇ ਸਬੰਧਤ ਗੁਰਦੁਆਰਾ ਸਾਹਿਬ ਦੀ ਜਾਇਦਾਦ ਸਬ-ਕਮੇਟੀ ਰਾਹੀਂ ਹੀ ਕੀਤੀ ਜਾ ਸਕਦੀ ਹੈ। ਗੁਰੂ ਘਰ ਦੀ ਸੰਪਤੀ ਨਾਲ ਕਿਸੇ ਵੀ ਕਿਸਮ ਦੀ ਲਾਪਰਵਾਹੀ ਜਾਂ ਬੇਇਮਾਨੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

