ਨਵੀਂ ਦਿੱਲੀ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਦੇ ਦੇਹਾਂਤ ’ਤੇ ਡੂੰਘਾ ਦੁੱਖ ਜਤਾਉਂਦਿਆਂ ਕਿਹਾ ਹੈ ਕਿ ਇਹ ਭਾਰਤੀ ਸਿਨੇਮਾ ਲਈ ਇੱਕ ਨਾ ਭਰਨ ਵਾਲਾ ਘਾਟਾ ਹੈ। ਪੀਐਮ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਰਾਹੀਂ ਆਪਣੀ ਪ੍ਰਤੀਕਿਰਿਆ ਸਾਂਝੀ ਕਰਦਿਆਂ ਲਿਖਿਆ ਕਿ ਧਰਮਿੰਦਰ ਜੀ ਦਾ ਜਾਨਾ ਇੱਕ ਅਜਿਹੇ ਯੁੱਗ ਦੇ ਅੰਤ ਵਰਗਾ ਹੈ, ਜਿਸ ਨੇ ਹਿੰਦੀ ਫ਼ਿਲਮ ਇੰਡਸਟਰੀ ਨੂੰ ਨਵੀਂ ਦਿਸ਼ਾ ਦਿੱਤੀ।
He Man ਦੀ ਅਦਾਕਾਰੀ ਨੂੰ ਯਾਦ ਕਰਦਿਆਂ PM ਮੋਦੀ ਹੋਏ ਭਾਵੁਕ
ਪੀਐਮ ਨੇ ਆਪਣੇ ਪੋਸਟ ਵਿੱਚ ਧਰਮਿੰਦਰ ਦੀ ਅਦਾਕਾਰੀ ਨੂੰ ਇੱਕ ਅਜਿਹੀ ਕਲਾ ਦੱਸਿਆ ਜੋ ਪੀੜ੍ਹਾਂ ਤੱਕ ਲੋਕਾਂ ਨੂੰ ਪ੍ਰੇਰਿਤ ਕਰਦੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਧਰਮਿੰਦਰ ਨੇ ਹਰ ਕਿਰਦਾਰ ਵਿੱਚ ਅਜਿਹੀ ਡੂੰਘਾਈ ਤੇ ਨਜ਼ਾਕਤ ਭਰੀ ਜੋ ਦਰਸ਼ਕਾਂ ਦੇ ਮਨ ’ਚ ਹਮੇਸ਼ਾਂ ਲਈ ਛਾਪ ਛੱਡ ਜਾਂਦੀ ਹੈ। ਉਨ੍ਹਾਂ ਲਿਖਿਆ ਕਿ “He-Man” ਦੀ ਦਮਦਾਰ ਸਕਰੀਨ ਪ੍ਰਜ਼ੈਂਸ ਤੋਂ ਲੈ ਕੇ ਸੰਵੇਦਨਸ਼ੀਲ ਭੂਮਿਕਾਵਾਂ ਤੱਕ—ਧਰਮਿੰਦਰ ਨੇ ਹਰ ਰੋਲ ਨੂੰ ਜੀ ਕੇ ਦਿਖਾਇਆ।
ਨਿਮਰਤਾ, ਸਾਦਗੀ ਤੇ ਇਨਸਾਨੀਅਤ—ਧਰਮਿੰਦਰ ਦੀ ਅਸਲੀ ਪਹਿਚਾਣ
ਮੋਦੀ ਨੇ ਕਿਹਾ ਕਿ ਧਰਮਿੰਦਰ ਜੀ ਸਿਰਫ਼ ਇੱਕ ਵਧੀਆ ਅਦਾਕਾਰ ਹੀ ਨਹੀਂ ਸਗੋਂ ਬੇਮਿਸਾਲ ਇਨਸਾਨ ਵੀ ਸਨ। ਉਨ੍ਹਾਂ ਦੀ ਸਾਦਗੀ, ਨਰਮ-ਦਿਲੀ ਅਤੇ ਜ਼ਮੀਨ ਨਾਲ ਜੁੜੀ ਸ਼ਖ਼ਸੀਅਤ ਨੇ ਉਨ੍ਹਾਂ ਨੂੰ ਲੋਕਾਂ ਦੇ ਦਿਲ ਦੇ ਬਹੁਤ ਨੇੜੇ ਲਿਆ ਕੇ ਖੜ੍ਹਾ ਕੀਤਾ। ਪੀਐਮ ਨੇ ਪਰਿਵਾਰ, ਕਰੀਬੀਆਂ ਅਤੇ ਕਰੋੜਾਂ ਚਾਹੁਣ ਵਾਲਿਆਂ ਦੇ ਪ੍ਰਤੀ ਆਪਣੀ ਹਮਦਰਦੀ ਵੀ ਪ੍ਰਗਟ ਕੀਤੀ।
89 ਸਾਲ ਦੀ ਉਮਰ ਵਿੱਚ ਚੱਲੀ ਗਏ ਸਿਨੇਮਾ ਦੇ ਸ਼ਹਿਨਸ਼ਾਹ
ਜਾਣਕਾਰੀ ਮੁਤਾਬਕ 89 ਸਾਲਾ ਧਰਮਿੰਦਰ ਨੇ ਸੋਮਵਾਰ ਦੁਪਹਿਰ ਮੁੰਬਈ ਸਥਿਤ ਆਪਣੇ ਘਰ ਵਿੱਚ ਆਖ਼ਰੀ ਸਾਹ ਲਏ। ਉਹ ਪਿਛਲੇ ਕੁਝ ਸਮੇਂ ਤੋਂ ਉਮਰ ਨਾਲ ਜੁੜੀਆਂ ਬਿਮਾਰੀਆਂ ਕਾਰਨ ਪੀੜਤ ਸਨ।
ਦੇਸ਼ ਦੀਆਂ ਕਈ ਰਾਜਨੀਤਿਕ, ਫਿਲਮੀ ਅਤੇ ਸਮਾਜਿਕ ਹਸਤੀਆਂ ਨੇ ਉਨ੍ਹਾਂ ਦੇ ਵਿਛੋੜੇ ’ਤੇ ਦੁੱਖ ਪ੍ਰਗਟ ਕੀਤਾ ਹੈ।

