ਉੱਤਰ ਪ੍ਰਦੇਸ਼ :- ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨਾਲ ਸੰਬੰਧਿਤ ਇੱਕ ਅਹਿਮ ਘਟਨਾ ਸਾਹਮਣੇ ਆਈ ਹੈ। ਸ਼ਨੀਵਾਰ ਨੂੰ ਲਖਨਊ ਤੋਂ ਰਵਾਨਾ ਹੋਏ ਉਨ੍ਹਾਂ ਦੇ ਹੈਲੀਕਾਪਟਰ ਨੂੰ ਉਡਾਣ ਦੌਰਾਨ ਆਈ ਤਕਨੀਕੀ ਸਮੱਸਿਆ ਕਾਰਨ ਤੁਰੰਤ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਖੁਸ਼ਕਿਸਮਤੀ ਨਾਲ ਇਸ ਦੌਰਾਨ ਡਿਪਟੀ ਸੀਐਮ ਸਮੇਤ ਹੈਲੀਕਾਪਟਰ ਵਿੱਚ ਸਵਾਰ ਸਾਰੇ ਲੋਕ ਪੂਰੀ ਤਰ੍ਹਾਂ ਸੁਰੱਖਿਅਤ ਰਹੇ।
ਉਡਾਣ ਮਗਰੋਂ ਕੇਬਿਨ ਵਿੱਚ ਭਰਿਆ ਧੂੰਆਂ
ਜਾਣਕਾਰੀ ਮੁਤਾਬਕ ਕੇਸ਼ਵ ਪ੍ਰਸਾਦ ਮੌਰਿਆ ਲਖਨਊ ਦੇ ਲਾ ਮਾਰਟੀਨੀਅਰ ਗਰਾਊਂਡ ਤੋਂ ਕੌਸ਼ਾਂਬੀ ਵਿੱਚ ਹੋਣ ਵਾਲੇ ਇਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਏ ਸਨ। ਹੈਲੀਕਾਪਟਰ ਨੇ ਜਿਵੇਂ ਹੀ ਉਡਾਣ ਭਰੀ, ਕੁਝ ਹੀ ਸਮੇਂ ਬਾਅਦ ਉਸ ਦੇ ਕੇਬਿਨ ਅੰਦਰ ਅਚਾਨਕ ਧੂੰਆਂ ਨਜ਼ਰ ਆਉਣ ਲੱਗ ਪਿਆ। ਇਸ ਸਥਿਤੀ ਨੂੰ ਦੇਖਦਿਆਂ ਪਾਇਲਟ ਨੇ ਤੁਰੰਤ ਸਾਵਧਾਨੀ ਵਰਤਦਿਆਂ ਏਅਰ ਟ੍ਰੈਫਿਕ ਕੰਟਰੋਲ ਨਾਲ ਸੰਪਰਕ ਕੀਤਾ।
ਹਵਾਈ ਅੱਡੇ ’ਤੇ ਸੁਰੱਖਿਅਤ ਲੈਂਡਿੰਗ
ਸੁਰੱਖਿਆ ਨੂੰ ਪਹਿਲ ਦੇਂਦਿਆਂ ਪਾਇਲਟ ਨੇ ਹੈਲੀਕਾਪਟਰ ਦਾ ਰੁਖ ਤੁਰੰਤ ਲਖਨਊ ਦੇ ਚੌਧਰੀ ਚਰਣ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਮੋੜ ਦਿੱਤਾ, ਜਿੱਥੇ ਉਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਉਪ ਮੁੱਖ ਮੰਤਰੀ ਦੇ ਦਫ਼ਤਰ ਵੱਲੋਂ ਵੀ ਪੁਸ਼ਟੀ ਕੀਤੀ ਗਈ ਹੈ ਕਿ ਤਕਨੀਕੀ ਖ਼ਰਾਬੀ ਕਾਰਨ ਇਹ ਸਥਿਤੀ ਪੈਦਾ ਹੋਈ ਸੀ।
ਖ਼ਬਰ ਫੈਲਦੇ ਹੀ ਮਚੀ ਚਿੰਤਾ
ਹੈਲੀਕਾਪਟਰ ਵਿੱਚ ਤਕਨੀਕੀ ਖ਼ਰਾਬੀ ਦੀ ਖ਼ਬਰ ਮਿਲਦੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਉਪ ਮੁੱਖ ਮੰਤਰੀ ਦੇ ਸਮਰਥਕਾਂ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ। ਹਾਲਾਂਕਿ ਜਿਵੇਂ ਹੀ ਸੁਰੱਖਿਅਤ ਲੈਂਡਿੰਗ ਦੀ ਪੁਸ਼ਟੀ ਹੋਈ ਤਾਂ ਸਭ ਨੇ ਸੁੱਖ ਦਾ ਸਾਹ ਲਿਆ।
ਤਕਨੀਕੀ ਟੀਮ ਕਰ ਰਹੀ ਜਾਂਚ
ਫਿਲਹਾਲ ਮਾਹਿਰ ਤਕਨੀਕੀ ਟੀਮ ਵੱਲੋਂ ਹੈਲੀਕਾਪਟਰ ਵਿੱਚ ਆਈ ਖ਼ਰਾਬੀ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ।

