ਚੰਡੀਗੜ੍ਹ :- ਪੰਜਾਬ ਭਰ ਵਿੱਚ ਛਾਈ ਸੰਘਣੀ ਧੁੰਦ ਨੇ ਆਮ ਜਨਜੀਵਨ ਦੇ ਨਾਲ-ਨਾਲ ਆਵਾਜਾਈ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਸਵੇਰ ਦੇ ਸਮੇਂ ਕਈ ਇਲਾਕਿਆਂ ਵਿੱਚ ਵਿਜ਼ੀਬਿਲਟੀ ਲਗਭਗ ਨਾਲ਼ ਦੇ ਬਰਾਬਰ ਰਹੀ, ਜਿਸ ਕਾਰਨ ਸੜਕਾਂ ’ਤੇ ਖ਼ਤਰਾ ਵੱਧ ਗਿਆ। ਇਸੇ ਦਰਮਿਆਨ ਜਲੰਧਰ-ਜੰਮੂ ਨੈਸ਼ਨਲ ਹਾਈਵੇ ’ਤੇ ਪਿੰਡ ਕਾਲਾ ਬੱਕਰਾ ਦੇ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਕਈ ਵਾਹਨ ਆਪਸ ਵਿੱਚ ਟਕਰਾ ਗਏ।
ਟਰੱਕ ਅਤੇ ਟਿੱਪਰ ਦੀ ਟੱਕਰ ਤੋਂ ਬਾਅਦ ਬਣੀ ਹਾਦਸਿਆਂ ਦੀ ਲੜੀ
ਮਿਲੀ ਜਾਣਕਾਰੀ ਅਨੁਸਾਰ ਸੰਘਣੀ ਧੁੰਦ ਕਾਰਨ ਹਾਈਵੇ ’ਤੇ ਆ ਰਹੀ ਇੱਕ ਅਣਪਛਾਤੀ ਟਰੱਕ ਦੇ ਪਿੱਛੋਂ ਇੱਕ ਟਿੱਪਰ ਜਾ ਟਕਰਾਇਆ। ਇਸ ਟੱਕਰ ਤੋਂ ਬਾਅਦ ਪਿੱਛੋਂ ਆ ਰਹੀਆਂ ਹੋਰ ਗੱਡੀਆਂ ਵੀ ਕਾਬੂ ਨਾ ਰੱਖ ਸਕੀਆਂ ਅਤੇ ਇਕ-ਦੂਜੇ ਨਾਲ ਟਕਰਾਉਂਦੀਆਂ ਚਲੀ ਗਈਆਂ। ਹਾਦਸੇ ਵਿੱਚ ਕਈ ਵਾਹਨਾਂ ਨੂੰ ਭਾਰੀ ਨੁਕਸਾਨ ਪੁੱਜਿਆ, ਹਾਲਾਂਕਿ ਕਿਸੇ ਦੀ ਜਾਨ ਜਾਣ ਦੀ ਕੋਈ ਖ਼ਬਰ ਨਹੀਂ ਹੈ।
ਮੌਕੇ ’ਤੇ ਸੜਕ ਸੁਰੱਖਿਆ ਫੋਰਸ ਦੀ ਤੁਰੰਤ ਕਾਰਵਾਈ
ਹਾਦਸੇ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚ ਗਈ। ਟੀਮ ਵੱਲੋਂ ਨੁਕਸਾਨਗ੍ਰਸਤ ਵਾਹਨਾਂ ਨੂੰ ਸੜਕ ਤੋਂ ਸਾਈਡ ਕਰਵਾਇਆ ਗਿਆ, ਜਾਮ ਖੁਲਵਾਇਆ ਗਿਆ ਅਤੇ ਹਾਈਵੇ ’ਤੇ ਆਵਾਜਾਈ ਮੁੜ ਸੁਚਾਰੂ ਬਣਾਈ ਗਈ। ਇਸ ਦੇ ਨਾਲ ਹੀ ਜ਼ਰੂਰਤਮੰਦ ਲੋਕਾਂ ਨੂੰ ਮੁੱਢਲੀ ਸਹਾਇਤਾ ਮੁਹੱਈਆ ਕਰਵਾਈ ਗਈ ਅਤੇ ਅਗਲੀ ਕਾਨੂੰਨੀ ਕਾਰਵਾਈ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ।
ਧੁੰਦ ਦੀ ਚਿੱਟੀ ਚਾਦਰ ’ਚ ਲਿਪਟਿਆ ਜਲੰਧਰ ਜ਼ਿਲ੍ਹਾ
ਗੌਰਤਲਬ ਹੈ ਕਿ ਬੀਤੇ ਕੱਲ੍ਹ ਤੋਂ ਜਲੰਧਰ ਸਮੇਤ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਲਗਾਤਾਰ ਸੰਘਣੀ ਧੁੰਦ ਛਾਈ ਹੋਈ ਹੈ। ਸਵੇਰੇ ਦੇ ਸਮੇਂ ਦ੍ਰਿਸ਼ਟੀ ਬਹੁਤ ਘੱਟ ਰਹਿਣ ਕਾਰਨ ਵਾਹਨ ਚਾਲਕਾਂ ਲਈ ਸਫ਼ਰ ਖ਼ਤਰੇ ਤੋਂ ਖਾਲੀ ਨਹੀਂ। ਪ੍ਰਸ਼ਾਸਨ ਅਤੇ ਟ੍ਰੈਫਿਕ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਲੋੜ ਪੈਣ ’ਤੇ ਹੀ ਸਫ਼ਰ ਕਰਨ ਅਤੇ ਵਾਹਨ ਹੌਲੀ ਗਤੀ ਨਾਲ ਚਲਾਉਣ, ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ।

