ਨਵੀਂ ਦਿੱਲੀ :- ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਰੀਬ 11 ਹਜ਼ਾਰ ਕਰੋੜ ਰੁਪਏ ਦੀਆਂ ਦੋ ਮਹੱਤਵਪੂਰਨ ਰਾਸ਼ਟਰੀ ਹਾਈਵੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਨ੍ਹਾਂ ਵਿੱਚ ਦੁਆਰਕਾ ਐਕਸਪ੍ਰੈਸਵੇ ਦਾ ਦਿੱਲੀ ਖੰਡ ਅਤੇ ਅਰਬਨ ਐਕਸਟੈਂਸ਼ਨ ਰੋਡ-2 (UER-2) ਸ਼ਾਮਲ ਹਨ। ਇਹ ਦੋਵੇਂ ਪ੍ਰੋਜੈਕਟ ਦਿੱਲੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਯਾਤਰਾ ਨੂੰ ਆਸਾਨ ਕਰਨ, ਸਮਾਂ ਘਟਾਉਣ ਅਤੇ ਜਾਮ ਤੋਂ ਰਾਹਤ ਦੇਣ ਲਈ ਬਣਾਏ ਗਏ ਹਨ। ਹੁਣ ਆਈਜੀਆਈ ਏਅਰਪੋਰਟ ਸਿਰਫ਼ 40 ਮਿੰਟਾਂ ਵਿੱਚ ਪਹੁੰਚਿਆ ਜਾ ਸਕੇਗਾ ਅਤੇ ਐਨਸੀਆਰ ਤੋਂ ਚੰਡੀਗੜ੍ਹ ਦੀ ਯਾਤਰਾ ਵੀ ਸੁਗਮ ਹੋਵੇਗੀ। ਉਦਘਾਟਨ ਮੌਕੇ ਕੇਂਦਰੀ ਮੰਤਰੀ ਨਿਤਿਨ ਗਡਕਰੀ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਹਾਜ਼ਰ ਰਹੇ।
ਦੁਆਰਕਾ ਐਕਸਪ੍ਰੈਸਵੇ ਨਾਲ ਬਿਹਤਰ ਕਨੈਕਟਿਵਿਟੀ
ਦੁਆਰਕਾ ਐਕਸਪ੍ਰੈਸਵੇ ਦਾ 10.1 ਕਿਲੋਮੀਟਰ ਲੰਬਾ ਖੰਡ ਲਗਭਗ 5,360 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਇਹ ਹਿੱਸਾ ਯਸ਼ੋਭੂਮੀ, ਦਿੱਲੀ ਮੈਟਰੋ ਦੀ ਬਲੂ ਅਤੇ ਆਰੰਜ਼ ਲਾਈਨ, ਆਉਣ ਵਾਲੇ ਬਿਜਵਾਸਨ ਰੇਲਵੇ ਸਟੇਸ਼ਨ ਅਤੇ ਦੁਆਰਕਾ ਕਲੱਸਟਰ ਬਸ ਡਿਪੋ ਨਾਲ ਮਲਟੀ-ਮੋਡਲ ਕਨੈਕਟਿਵਿਟੀ ਮੁਹੱਈਆ ਕਰੇਗਾ। ਇਸ ਪ੍ਰੋਜੈਕਟ ਵਿੱਚ ਦੋ ਪੈਕੇਜ ਸ਼ਾਮਲ ਹਨ—ਪਹਿਲੇ ‘ਚ ਸ਼ਿਵ ਮੂਰਤੀ ਇੰਟਰਸੈਕਸ਼ਨ ਤੋਂ ਦੁਆਰਕਾ ਸੈਕਟਰ-21 ਰੋਡ ਅੰਡਰ ਬ੍ਰਿਜ ਤੱਕ 5.9 ਕਿਮੀ ਦਾ ਹਿੱਸਾ ਹੈ, ਜਦਕਿ ਦੂਜੇ ‘ਚ ਦੁਆਰਕਾ ਸੈਕਟਰ-21 ਤੋਂ ਦਿੱਲੀ-ਹਰਿਆਣਾ ਸੀਮਾ ਤੱਕ 4.2 ਕਿਮੀ ਦਾ ਰੂਟ ਹੈ ਜੋ ਸਿੱਧਾ UER-2 ਨਾਲ ਜੁੜੇਗਾ।
UER-2 ਨਾਲ ਉਦਯੋਗਿਕ ਖੇਤਰਾਂ ਨੂੰ ਮਿਲੇਗੀ ਗਤੀ
ਪ੍ਰਧਾਨ ਮੰਤਰੀ ਨੇ ਅਲੀਪੁਰ ਤੋਂ ਦਿਘਾਂਵ ਕਲਾ ਤੱਕ ਦੇ ਹਿੱਸੇ ਅਤੇ ਬਹਾਦੁਰਗੜ੍ਹ-ਸੋਨੀਪਤ ਨੂੰ ਜੋੜਣ ਵਾਲੇ ਨਵੇਂ ਲਿੰਕ ਰੋਡ ਦਾ ਵੀ ਉਦਘਾਟਨ ਕੀਤਾ। ਇਸ ਪ੍ਰੋਜੈਕਟ ਦੀ ਲਾਗਤ ਕਰੀਬ 5,580 ਕਰੋੜ ਰੁਪਏ ਹੈ। ਇਹ ਸੜਕ ਦਿੱਲੀ ਦੀ ਇਨਰ ਤੇ ਆਉਟਰ ਰਿੰਗ ਰੋਡ, ਮੁਕਰਬਾ ਚੌਕ, ਧੌਲਾ ਕੁਆਂ ਅਤੇ NH-09 ‘ਤੇ ਟ੍ਰੈਫਿਕ ਦਾ ਦਬਾਅ ਘਟਾਏਗੀ। ਨਵੇਂ ਰਸਤੇ ਸਿੱਧੀ ਪਹੁੰਚ ਬਹਾਦੁਰਗੜ੍ਹ ਅਤੇ ਸੋਨੀਪਤ ਤੱਕ ਦੇਣਗੇ, ਜਿਸ ਨਾਲ ਉਦਯੋਗਿਕ ਖੇਤਰਾਂ ਨਾਲ ਸੰਪਰਕ ਬਿਹਤਰ ਹੋਵੇਗਾ। ਦਿੱਲੀ ਅੰਦਰ ਭਾਰੀ ਵਾਹਨਾਂ ਦੀ ਆਵਾਜਾਈ ਘਟੇਗੀ, ਮਾਲ ਢੁਆਈ ਆਸਾਨ ਹੋਵੇਗੀ ਅਤੇ ਉਦਯੋਗਿਕ ਤੇ ਆਰਥਿਕ ਗਤੀਵਿਧੀਆਂ ਨੂੰ ਨਵੀਂ ਰਫ਼ਤਾਰ ਮਿਲੇਗੀ।