ਪੰਜਾਬ, 4 ਜੁਲਾਈ:- ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਅੱਜ ਚਰਨ ਕਵਲ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਕਿਸਾਨਾਂ ਨਾਲ ਵਿਸਥਾਰ ਵਿੱਚ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਕਈ ਵੱਡੇ ਖੁਲਾਸੇ ਕੀਤੇ।
ਡੱਲੇਵਾਲ ਨੇ ਦੱਸਿਆ ਕਿ ਲੈਂਡ ਪੂਲਿੰਗ ਕਿਸਾਨਾਂ ਲਈ ਨਵਾਂ ਖ਼ਤਰਾ ਬਣ ਰਹੀ ਹੈ। ਉਨ੍ਹਾਂ ਮੁਤਾਬਕ, ਕੇਂਦਰ ਤੇ ਪੰਜਾਬ ਦੋਹਾਂ ਸਰਕਾਰਾਂ ਕਿਸਾਨਾਂ ਦੀਆਂ ਜ਼ਮੀਨਾਂ ਬਿਨਾਂ ਪੂਰੇ ਮੁਆਵਜ਼ੇ ਦੇ ਖੋ ਰਹੀਆਂ ਹਨ। ਇਹ ਸਕੀਮ ਸਿਰਫ਼ ਜ਼ਮੀਨ ਦੀ ਨਹੀਂ, ਸਿੱਧਾ ਕਿਸਾਨੀ ‘ਤੇ ਹਮਲਾ ਹੈ।
ਉਨ੍ਹਾਂ ਕਿਹਾ ਕਿ ਲੈਂਡ ਪੂਲਿੰਗ ਕਰਕੇ ਸੂਬੇ ਦੇ 160 ਤੋਂ ਵੱਧ ਪਿੰਡ ਖਾਲੀ ਹੋਣ ਦੇ ਕਗਾਰ ‘ਤੇ ਹਨ, ਜਿਸ ਨਾਲ ਹਜ਼ਾਰਾਂ ਪਰਿਵਾਰ ਬੇਘਰ ਹੋਣਗੇ। ਇਹ ਸਿਰਫ਼ ਕਿਸਾਨਾਂ ਦੀ ਨਹੀਂ, ਬਲਕਿ ਮਜ਼ਦੂਰਾਂ, ਦੁਕਾਨਦਾਰਾਂ ਅਤੇ ਛੋਟੇ ਉਦਯੋਗਾਂ ਦੀ ਵੀ ਲੜਾਈ ਹੈ।
ਉਹਨਾ ਅੱਗੇ ਕਿਹਾ, “ਨਵਾਂਸ਼ਹਿਰ ਦੀ 383 ਏਕੜ ਜ਼ਮੀਨ ਤਾਂ ਸਿਰਫ਼ ਸ਼ੁਰੂਆਤ ਹੈ। ਇਹ ਮੁੱਦਾ ਸਾਰੇ ਪੰਜਾਬ ਦਾ ਹੈ, ਤੇ ਹੁਣ ਇਹ ਲੜਾਈ ਸੂਬਾ ਪੱਧਰ ਤੋਂ ਚੁੱਕ ਕੇ ਰਾਸ਼ਟਰ ਪੱਧਰ ‘ਤੇ ਪਹੁੰਚ ਚੁੱਕੀ ਹੈ।
”ਡੱਲੇਵਾਲ ਨੇ 7 ਅਗਸਤ ਨੂੰ ਲੁਧਿਆਣਾ ਵਿਖੇ ਹੋਣ ਵਾਲੀ ਵਿਸ਼ਾਲ ਮੀਟਿੰਗ ਵਿੱਚ ਭਾਗ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਨੌਜਵਾਨ ਵੱਡੀ ਗਿਣਤੀ ਵਿੱਚ ਜੁੜ ਰਹੇ ਹਨ। ਉਨ੍ਹਾਂ ਦਾ ਸਾਫ਼ ਸ਼ਬਦਾਂ ਵਿੱਚ ਚੇਤਾਵਨੀ ਭਰਿਆ ਸੁਨੇਹਾ ਸੀ ਕਿ “ਜੇਕਰ ਅਸੀਂ ਅੱਜ ਖੜੇ ਨਾ ਹੋਏ ਤਾਂ ਕੱਲ੍ਹ ਕਿਸੇ ਕੋਲ ਵੀ ਆਪਣੀ ਜ਼ਮੀਨ ਨਹੀਂ ਬਚੇਗੀ।”