ਚੰਡੀਗੜ੍ਹ :- ਬੀਤੇ ਦਿਨ ਤੋਂ ਜਾਰੀ ਲਗਾਤਾਰ ਮੀਂਹ ਨੇ ਸੂਬੇ ਵਿੱਚ ਤਾਪਮਾਨ ਘਟਾ ਦਿੱਤਾ ਹੈ। ਸਵੇਰ ਤੋਂ ਹੀ ਬੱਦਲਾਂ ਦੀ ਮੋਟੀ ਚਾਦਰ ਛਾਈ ਰਹੀ, ਜਿਸ ਨਾਲ ਕਈ ਇਲਾਕਿਆਂ ਵਿੱਚ ਦਿਨ ਦੌਪਹਿਰੇ ਹੀ ਧੁੰਦਲਕਾ ਛਾ ਗਿਆ।
ਮੌਸਮ ਵਿਭਾਗ ਵੱਲੋਂ ਚਿਤਾਵਨੀ
ਮੌਸਮ ਵਿਭਾਗ ਨੇ ਅਗਲੇ ਤਿੰਨ ਘੰਟਿਆਂ ਲਈ ਚੇਤਾਵਨੀ ਜਾਰੀ ਕੀਤੀ ਹੈ। ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਮੋਗਾ ਅਤੇ ਐੱਸ.ਬੀ.ਐੱਸ. ਨਗਰ (ਨਵਾਂਸ਼ਹਿਰ) ਵਿੱਚ ਕੁਝ ਥਾਵਾਂ ’ਤੇ ਭਾਰੀ ਬਾਰਸ਼ ਦੇ ਨਾਲ ਤੇਜ਼ ਹਵਾਵਾਂ ਅਤੇ ਆਂਧੀ ਆਉਣ ਦੀ ਸੰਭਾਵਨਾ ਜਤਾਈ ਗਈ ਹੈ।
ਲੋਕਾਂ ਨੂੰ ਘਰਾਂ ਵਿੱਚ ਸੁਰੱਖਿਅਤ ਰਹਿਣ ਦੀ ਸਲਾਹ
ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਖ਼ਰਾਬ ਮੌਸਮ ਦੌਰਾਨ ਘਰਾਂ ਵਿੱਚ ਹੀ ਰਹਿਣ ਅਤੇ ਖੁੱਲ੍ਹੀਆਂ ਥਾਵਾਂ ਜਾਂ ਦਰੱਖਤਾਂ ਹੇਠਾਂ ਖੜ੍ਹੇ ਨਾ ਹੋਣ। ਐਮਰਜੈਂਸੀ ਦੀ ਸਥਿਤੀ ਵਿੱਚ ਤੁਰੰਤ 112 ਨੰਬਰ ’ਤੇ ਸੰਪਰਕ ਕਰਨ ਲਈ ਕਿਹਾ ਗਿਆ ਹੈ।
ਪੱਛਮੀ ਗੜਬੜੀ ਕਾਰਨ ਵੱਧੀ ਬਾਰਸ਼
ਮੌਸਮ ਵਿਭਾਗ ਨੇ ਦੱਸਿਆ ਕਿ ਪੱਛਮੀ ਗੜਬੜੀ ਸਰਗਰਮ ਹੋਣ ਕਾਰਨ ਬਾਰਸ਼ ਦਾ ਦੌਰ ਜਾਰੀ ਹੈ, ਜਿਸ ਨਾਲ ਤਾਪਮਾਨ ਵਿੱਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਤੋਂ ਪਹਿਲਾਂ ਹੀ 12 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਜਾ ਚੁੱਕਾ ਹੈ ਅਤੇ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਕਿਸਾਨਾਂ ਲਈ ਵਧੀ ਚਿੰਤਾ
ਮੌਸਮ ਦੇ ਬਦਲਾਅ ਕਾਰਨ ਸੂਬੇ ਦੇ ਕਿਸਾਨ ਆਪਣੀ ਪੱਕਦੀ ਫਸਲ ਲਈ ਚਿੰਤਿਤ ਹਨ। ਮੌਸਮ ਵਿਭਾਗ ਦੇ ਅਨੁਸਾਰ ਅਗਲੇ 48 ਘੰਟਿਆਂ ਤੱਕ ਅਸਮਾਨ ’ਤੇ ਬੱਦਲ ਛਾਏ ਰਹਿਣਗੇ ਅਤੇ ਕਈ ਥਾਵਾਂ ’ਤੇ ਦਰਮਿਆਨੀ ਬਾਰਸ਼ ਹੋ ਸਕਦੀ ਹੈ।