ਚੰਡੀਗੜ੍ਹ :- ਪੰਜਾਬ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਭਾਵੇਂ ਕੜਾਕੇ ਦੀ ਸਰਦੀ ਦਾ ਦੌਰ ਲੰਘ ਚੁੱਕਾ ਹੈ, ਪਰ ਮੌਸਮ ਹਾਲੇ ਵੀ ਪੂਰੀ ਤਰ੍ਹਾਂ ਸੁਹਾਵਣਾ ਨਹੀਂ ਹੋਇਆ। ਮੌਸਮ ਵਿਗਿਆਨੀਆਂ ਅਨੁਸਾਰ ਅਗਲੇ ਦੋ ਦਿਨਾਂ ਤੱਕ ਠੰਢੀਆਂ ਹਵਾਵਾਂ ਚੱਲਣ ਕਾਰਨ ਸਵੇਰ ਅਤੇ ਸ਼ਾਮ ਠੰਢ ਦਾ ਅਹਿਸਾਸ ਬਣਿਆ ਰਹੇਗਾ।
ਪੱਛਮੀ ਗੜਬੜ ਦਾ ਅਸਰ ਜਾਰੀ
ਮੌਸਮ ਵਿਭਾਗ ਮੁਤਾਬਕ ਵਾਤਾਵਰਣ ਦੀ ਉੱਪਰੀ ਪਰਤ ਵਿੱਚ ਪੱਛਮੀ ਗੜਬੜ ਸਰਗਰਮ ਹੈ, ਜਿਸ ਕਾਰਨ ਤਾਪਮਾਨ ਵਿੱਚ ਵੱਡੀ ਕਮੀ ਤਾਂ ਨਹੀਂ ਪਰ ਹਵਾਵਾਂ ਦੀ ਰਫ਼ਤਾਰ ਵਧ ਸਕਦੀ ਹੈ। 18 ਤੋਂ 20 ਫਰਵਰੀ ਦਰਮਿਆਨ ਪੱਛਮੀ ਗੜਬੜ ਰੁਕ-ਰੁਕ ਕੇ ਪ੍ਰਭਾਵ ਦਿਖਾ ਸਕਦੀ ਹੈ।
ਤਾਪਮਾਨ ਵਿੱਚ ਹੌਲੀ ਵਾਧੇ ਦੀ ਸੰਭਾਵਨਾ
ਅਗਲੇ 48 ਘੰਟਿਆਂ ਦੌਰਾਨ ਘੱਟੋ-ਘੱਟ ਤਾਪਮਾਨ ਵਿੱਚ ਲਗਭਗ 2 ਡਿਗਰੀ ਸੈਲਸੀਅਸ ਦਾ ਵਾਧਾ ਹੋਣ ਦੀ ਉਮੀਦ ਹੈ, ਜਦਕਿ ਉਸ ਤੋਂ ਬਾਅਦ ਵੀ ਹੌਲੀ-ਹੌਲੀ ਤਾਪਮਾਨ ਚੜ੍ਹ ਸਕਦਾ ਹੈ। ਦੂਰ-ਦੁਰਾਡੇ ਇਲਾਕਿਆਂ ਵਿੱਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਗਈ ਹੈ।

