ਚੰਡੀਗੜ੍ਹ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਇਕ ਪੋਸਟ ਨੇ ਸੂਬੇ ਦੀ ਸਿਆਸਤ ‘ਚ ਨਵੀਂ ਚਰਚਾ ਨੂੰ ਜਨਮ ਦੇ ਦਿੱਤਾ ਹੈ। ਇਸ ਪੋਸਟ ਨੂੰ ਲੈ ਕੇ ਸਿਆਸੀ ਅਤੇ ਸਮਾਜਿਕ ਹਲਕਿਆਂ ‘ਚ ਵੱਖ-ਵੱਖ ਅਰਥ ਕੱਢੇ ਜਾ ਰਹੇ ਹਨ।
ਸ਼ਾਇਰਾਨਾ ਅੰਦਾਜ਼ ‘ਚ ਬਿਨਾਂ ਨਾਂ ਲਏ ਤਿੱਖਾ ਸੰਦੇਸ਼
ਮੁੱਖ ਮੰਤਰੀ ਮਾਨ ਨੇ ਆਪਣੀ ਪੋਸਟ ਵਿੱਚ ਲਿਖਿਆ, “ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ, ਅਦਾਲਤਾਂ ਦਾ ਓਥੇ ਰੱਬ ਰਾਖਾ, ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ।” ਇਸ ਲਿਖਤ ਵਿੱਚ ਕਿਸੇ ਵਿਅਕਤੀ ਜਾਂ ਸੰਸਥਾ ਦਾ ਸਿੱਧਾ ਨਾਂ ਨਹੀਂ ਲਿਆ ਗਿਆ, ਪਰ ਇਸ ਦੇ ਸੰਕੇਤ ਸਾਫ਼ ਦਿੱਖ ਰਹੇ ਹਨ।
ਡੇਰਾ ਬਿਆਸ ਮੁਖੀ ਨਾਲ ਜੋੜੀ ਜਾ ਰਹੀ ਪੋਸਟ
ਸਿਆਸੀ ਮਾਹਿਰਾਂ ਅਤੇ ਸੋਸ਼ਲ ਮੀਡੀਆ ‘ਤੇ ਸਰਗਰਮ ਵਰਗ ਵੱਲੋਂ ਇਸ ਪੋਸਟ ਨੂੰ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਚਰਚਾ ਇਹ ਹੈ ਕਿ ਮੁੱਖ ਮੰਤਰੀ ਨੇ ਨਾਭਾ ਜੇਲ੍ਹ ‘ਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨਾਲ ਹੋਈ ਮੁਲਾਕਾਤ ਅਤੇ ਉਸ ਮਗਰੋਂ ਆਏ ਬਿਆਨ ‘ਤੇ ਅਸਿੱਧੇ ਤੌਰ ‘ਤੇ ਤੰਜ ਕੱਸਿਆ ਹੈ।
ਮਜੀਠੀਆ ਮਾਮਲਾ ਸਿਆਸੀ ਟਕਰਾਅ ਦਾ ਕੇਂਦਰ
ਜ਼ਿਕਰਯੋਗ ਹੈ ਕਿ ਬਿਕਰਮ ਮਜੀਠੀਆ ਨੂੰ ਜੂਨ 2025 ਵਿੱਚ ਗ੍ਰਿਫ਼ਤਾਰ ਕਰ ਕੇ ਨਾਭਾ ਜੇਲ੍ਹ ਭੇਜਿਆ ਗਿਆ ਸੀ ਅਤੇ ਉਹ ਕਰੀਬ ਸੱਤ ਮਹੀਨਿਆਂ ਤੋਂ ਹਿਰਾਸਤ ਵਿੱਚ ਰਹੇ। ਅਕਾਲੀ ਦਲ ਇਸ ਕਾਰਵਾਈ ਨੂੰ ਸ਼ੁਰੂ ਤੋਂ ਹੀ ਪੰਜਾਬ ਸਰਕਾਰ ਦੀ ਬਦਲੇ ਦੀ ਸਿਆਸਤ ਕਰਾਰ ਦਿੰਦਾ ਆ ਰਿਹਾ ਹੈ।
ਸੁਪਰੀਮ ਕੋਰਟ ਦਾ ਫ਼ੈਸਲਾ, ਸਰਕਾਰ ਲਈ ਝਟਕਾ
ਪੰਜਾਬ ਸਰਕਾਰ ਵੱਲੋਂ ਮਜੀਠੀਆ ਨੂੰ ਜ਼ਮਾਨਤ ਨਾ ਮਿਲੇ, ਇਸ ਲਈ ਪੂਰੀ ਕਾਨੂੰਨੀ ਕੋਸ਼ਿਸ਼ ਕੀਤੀ ਗਈ, ਪਰ ਬੀਤੇ ਦਿਨ ਸੁਪਰੀਮ ਕੋਰਟ ਵੱਲੋਂ ਆਏ ਫ਼ੈਸਲੇ ਨੂੰ ਸਰਕਾਰ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
‘ਬੇਗੁਨਾਹ’ ਵਾਲੇ ਬਿਆਨ ਨੇ ਵਧਾਈ ਚਰਚਾ
ਇਸ ਸਾਰੇ ਮਾਮਲੇ ਦੌਰਾਨ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਬਿਕਰਮ ਮਜੀਠੀਆ ਨੂੰ ‘ਬੇਗੁਨਾਹ’ ਦੱਸਣਾ ਵੀ ਪੰਜਾਬ ਦੀ ਸਿਆਸਤ ਵਿੱਚ ਨਵੀਂ ਗੱਲਬਾਤ ਦਾ ਕੇਂਦਰ ਬਣ ਗਿਆ ਹੈ। ਹੁਣ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਹਨ ਕਿ ਜੇਲ੍ਹ ਤੋਂ ਰਿਹਾਈ ਮਗਰੋਂ ਮਜੀਠੀਆ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਕੀ ਰੁਖ ਅਪਣਾਉਂਦੇ ਹਨ।

