ਚੰਡੀਗੜ੍ਹ :- ਸਤਲੁਜ–ਯਮੁਨਾ ਲਿੰਕ ਨਹਿਰ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿਚਕਾਰ ਅੱਜ ਚੰਡੀਗੜ੍ਹ ਵਿੱਚ ਹੋਈ ਅਹਿਮ ਮੀਟਿੰਗ ਖਤਮ ਹੋ ਗਈ ਹੈ। ਇਸ ਮੀਟਿੰਗ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਿੱਧੀ ਤੌਰ ‘ਤੇ ਹਿੱਸਾ ਲਿਆ।
ਦੋਵੇਂ ਰਾਜਾਂ ਦੇ ਮੰਤਰੀ ਅਤੇ ਉੱਚ ਅਧਿਕਾਰੀ ਰਹੇ ਹਾਜ਼ਰ
ਮੀਟਿੰਗ ਦੌਰਾਨ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਬਰਿੰਦਰ ਗੋਇਲ ਅਤੇ ਹਰਿਆਣਾ ਸਰਕਾਰ ਵੱਲੋਂ ਕੈਬਨਿਟ ਮੰਤਰੀ ਸ਼ਰੂਤੀ ਚੌਧਰੀ ਵੀ ਮੌਜੂਦ ਰਹੇ। ਇਸ ਤੋਂ ਇਲਾਵਾ ਦੋਵਾਂ ਸੂਬਿਆਂ ਦੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਬੈਠਕ ਵਿੱਚ ਸ਼ਮੂਲੀਅਤ ਕੀਤੀ।
ਕਾਨੂੰਨੀ ਅਤੇ ਪਾਣੀ ਵੰਡ ਮਸਲਿਆਂ ‘ਤੇ ਚਰਚਾ
ਸੂਤਰਾਂ ਅਨੁਸਾਰ ਮੀਟਿੰਗ ਦੌਰਾਨ ਐਸਵਾਈਐਲ ਨਾਲ ਜੁੜੇ ਕਾਨੂੰਨੀ, ਤਕਨੀਕੀ ਅਤੇ ਅੰਤਰਰਾਜੀ ਪਾਣੀ ਵੰਡ ਦੇ ਮੁੱਦਿਆਂ ‘ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਦੋਵੇਂ ਪੱਖਾਂ ਵੱਲੋਂ ਆਪਣੇ-ਆਪਣੇ ਰਾਜਾਂ ਦੀ ਸਥਿਤੀ ਅਤੇ ਦਲੀਲਾਂ ਮੀਟਿੰਗ ਵਿੱਚ ਰੱਖੀਆਂ ਗਈਆਂ।
ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਹੋਈ ਬੈਠਕ
ਦੱਸਣਯੋਗ ਹੈ ਕਿ ਇਹ ਮੀਟਿੰਗ ਸੁਪਰੀਮ ਕੋਰਟ ਵੱਲੋਂ ਦੋਵੇਂ ਰਾਜਾਂ ਨੂੰ ਆਪਸੀ ਗੱਲਬਾਤ ਰਾਹੀਂ ਹੱਲ ਲੱਭਣ ਦੇ ਨਿਰਦੇਸ਼ਾਂ ਤੋਂ ਬਾਅਦ ਕੀਤੀ ਗਈ। ਮੀਟਿੰਗ ਸਮਾਪਤ ਹੋਣ ਮਗਰੋਂ ਦੋਵੇਂ ਮੁੱਖ ਮੰਤਰੀਆਂ ਵੱਲੋਂ ਸਾਂਝੀ ਪ੍ਰੈਸ ਕਾਨਫਰੰਸ ਵੀ ਕੀਤੀ ਗਈ।
ਮੀਟਿੰਗ ਸੁਖਾਵੇਂ ਮਾਹੌਲ ‘ਚ ਹੋਈ: ਮੁੱਖ ਮੰਤਰੀ
ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਦੀ ਬੈਠਕ ਬਹੁਤ ਹੀ ਸੁਖਾਵੇਂ ਅਤੇ ਸਕਾਰਾਤਮਕ ਮਾਹੌਲ ਵਿੱਚ ਹੋਈ। ਦੋਹਾਂ ਆਗੂਆਂ ਨੇ ਕਿਹਾ ਕਿ ਗੁਰੂ ਸਾਹਿਬਾਨ ਦੀ ਸਿੱਖਿਆ ਸਾਨੂੰ ਆਪਸੀ ਭਾਈਚਾਰੇ ਅਤੇ ਸੰਵਾਦ ਦਾ ਰਾਹ ਦਿਖਾਉਂਦੀ ਹੈ।
ਅਧਿਕਾਰੀਆਂ ਦੀਆਂ ਨਿਯਮਤ ਮੀਟਿੰਗਾਂ ‘ਤੇ ਸਹਿਮਤੀ
ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਸਭ ਤੋਂ ਪਹਿਲਾਂ ਦੋਵੇਂ ਰਾਜਾਂ ਦੇ ਅਧਿਕਾਰੀ ਨਿਯਮਤ ਤੌਰ ‘ਤੇ ਆਪਸੀ ਮੀਟਿੰਗਾਂ ਕਰਨਗੇ। ਅਧਿਕਾਰੀਆਂ ਵੱਲੋਂ ਤਿਆਰ ਕੀਤੇ ਜਾਣ ਵਾਲੇ ਖਾਕੇ ਦੇ ਆਧਾਰ ‘ਤੇ ਅਗਲੀ ਕਾਰਵਾਈ ਬਾਰੇ ਫੈਸਲਾ ਦੋਵੇਂ ਮੁੱਖ ਮੰਤਰੀ ਆਪਸੀ ਸਲਾਹ ਨਾਲ ਕਰਨਗੇ।
ਭਾਈ ਘਨੱਈਆ ਦਾ ਹਵਾਲਾ ਦਿੰਦਿਆਂ ਮਾਨ ਦਾ ਸੰਦੇਸ਼
ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੌਕੇ ਭਾਈ ਘਨੱਈਆ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਰਿਆਣਾ ਪੰਜਾਬ ਦਾ ਦੁਸ਼ਮਣ ਨਹੀਂ, ਸਗੋਂ ਛੋਟਾ ਭਰਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਸੂਬਿਆਂ ਦੇ ਲੋਕਾਂ ਦੇ ਹਿੱਤ ਪਹਿਲ ਹਨ ਅਤੇ ਫੈਸਲੇ ਵੀ ਉਸੇ ਸੋਚ ਅਧੀਨ ਲਏ ਜਾਣਗੇ।
ਕਈ ਦਹਾਕਿਆਂ ਤੋਂ ਲਟਕਦਾ ਆ ਰਿਹਾ ਹੈ ਮੁੱਦਾ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਐਸਵਾਈਐਲ ਦਾ ਮਸਲਾ ਕਈ ਸਾਲਾਂ ਤੋਂ ਲਟਕਦਾ ਆ ਰਿਹਾ ਹੈ। ਇਸੇ ਕਾਰਨ ਅੱਜ ਦੋਵੇਂ ਸੂਬਿਆਂ ਦੇ ਮੁੱਖ ਮੰਤਰੀ, ਜਲ ਮੰਤਰੀ ਅਤੇ ਉੱਚ ਅਧਿਕਾਰੀ ਇਕੱਠੇ ਬੈਠ ਕੇ ਇਸ ਸੰਵੇਦਨਸ਼ੀਲ ਮਸਲੇ ‘ਤੇ ਗੰਭੀਰ ਚਰਚਾ ਕਰਨ ਲਈ ਇਕ ਮੰਚ ‘ਤੇ ਇਕੱਠੇ ਹੋਏ ਹਨ।
ਅਗਲਾ ਫੈਸਲਾ ਅਧਿਕਾਰੀਆਂ ਦੀ ਰਿਪੋਰਟ ਤੋਂ ਬਾਅਦ
ਮੀਟਿੰਗ ਤੋਂ ਬਾਅਦ ਇਹ ਸਪਸ਼ਟ ਕੀਤਾ ਗਿਆ ਕਿ ਅਗਲੇ ਕਦਮ ਅਧਿਕਾਰੀਆਂ ਦੀਆਂ ਮੀਟਿੰਗਾਂ ਅਤੇ ਤਿਆਰ ਕੀਤੀ ਜਾਣ ਵਾਲੀ ਰਿਪੋਰਟ ਤੋਂ ਬਾਅਦ ਹੀ ਤੈਅ ਕੀਤੇ ਜਾਣਗੇ। ਫਿਲਹਾਲ ਦੋਵੇਂ ਰਾਜਾਂ ਨੇ ਟਕਰਾਅ ਦੀ ਥਾਂ ਗੱਲਬਾਤ ਦੇ ਰਾਹ ‘ਤੇ ਅੱਗੇ ਵਧਣ ਦਾ ਸੰਕੇਤ ਦਿੱਤਾ ਹੈ।

