ਚੰਡੀਗੜ੍ਹ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਚੰਡੀਗੜ੍ਹ ਦੇ ਸੈਕਟਰ 24 ਵਿਖੇ ਸਥਿਤ ਆਈਪੀਐਸ ਅਧਿਕਾਰੀ ਵਾਈ. ਪੂਰਨ ਕੁਮਾਰ ਦੇ ਨਿਵਾਸ ਸਥਾਨ ‘ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਮ੍ਰਿਤਕ ਅਧਿਕਾਰੀ ਦੇ ਪਰਿਵਾਰ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ ਤੇ ਸੰਵੇਦਨਾ ਪ੍ਰਗਟ ਕੀਤੀ।
ਇਸ ਮੌਕੇ ‘ਤੇ ਭਾਜਪਾ ਦੇ ਰਾਸ਼ਟਰੀ ਸਕੱਤਰ ਓਮ ਪ੍ਰਕਾਸ਼ ਧਨਖੜ, ਕਾਂਗਰਸ ਸੰਸਦ ਮੈਂਬਰ ਕੁਮਾਰੀ ਸ਼ੈਲਜਾ, ਸੂਬਾ ਪ੍ਰਧਾਨ ਰਾਓ ਨਰਿੰਦਰ ਤੇ ਭੀਮ ਆਰਮੀ ਮੁਖੀ ਚੰਦਰਸ਼ੇਖਰ ਆਜ਼ਾਦ ਨੇ ਵੀ ਪਰਿਵਾਰ ਨਾਲ ਮੁਲਾਕਾਤ ਕਰਕੇ ਸ਼ਰਧਾਂਜਲੀ ਅਰਪਿਤ ਕੀਤੀ।
“ਪਰਿਵਾਰ ਸਦਮੇ ‘ਚ ਹੈ, ਅਸੀਂ ਉਨ੍ਹਾਂ ਦੇ ਨਾਲ ਖੜ੍ਹੇ ਹਾਂ”
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਵਾਈ. ਪੂਰਨ ਕੁਮਾਰ ਦਾ ਪਰਿਵਾਰ ਗਹਿਰੇ ਸਦਮੇ ‘ਚ ਹੈ ਅਤੇ ਸਰਕਾਰ ਪੂਰੀ ਤਰ੍ਹਾਂ ਉਨ੍ਹਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਨੇ ਕਿਹਾ ਕਿ “ਅਮਨੀਤ ਪੀ. ਕੁਮਾਰ ਪੰਜਾਬ ਦੀ ਧੀ ਹੈ, ਅਤੇ ਧੀਆਂ ਨੂੰ ਹਮੇਸ਼ਾ ਉਮੀਦ ਹੁੰਦੀ ਹੈ ਕਿ ਮਾਪੇ ਉਨ੍ਹਾਂ ਦੇ ਨਾਲ ਖੜ੍ਹੇ ਰਹਿਣ।”
ਉਨ੍ਹਾਂ ਨੇ ਇਹ ਵੀ ਕਿਹਾ ਕਿ “ਜੋ ਲੋਕ ਪਹਿਲਾਂ ਹੀ ਅਹੁਦਿਆਂ ‘ਤੇ ਕਾਬਜ਼ ਹਨ, ਉਹ ਹੇਠਾਂ ਤੋਂ ਉੱਠ ਰਹੇ ਪ੍ਰਤਿਭਾਸ਼ਾਲੀ ਲੋਕਾਂ ਨੂੰ ਬਰਦਾਸ਼ਤ ਨਹੀਂ ਕਰਦੇ।” ਮਾਨ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ “ਜਦੋਂ ਅਸੀਂ ਰਾਜਨੀਤੀ ਵਿੱਚ ਆਏ, ਤਦੋਂ ਸਾਡੇ ਨਾਲ ਵੀ ਐਸਾ ਹੀ ਸਲੂਕ ਹੋਇਆ ਸੀ।”
ਪਰਿਵਾਰ ਨਾਲ ਬਿਨਾਂ ਸਲਾਹ ਲਾਸ਼ PGI ਲਿਜਾਣ ‘ਤੇ ਸਵਾਲ
ਮੁੱਖ ਮੰਤਰੀ ਨੇ ਚੰਡੀਗੜ੍ਹ ਪ੍ਰਸ਼ਾਸਨ ‘ਤੇ ਸਵਾਲ ਉਠਾਇਆ ਕਿ ਪਰਿਵਾਰ ਨਾਲ ਸਲਾਹ ਬਿਨਾਂ ਲਾਸ਼ ਨੂੰ PGI ਕਿਉਂ ਭੇਜਿਆ ਗਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ “ਐਫਆਈਆਰ ‘ਚ ਕੁਝ ਨਾਮ ਜਾਣ-ਬੁੱਝ ਕੇ ਸ਼ਾਮਲ ਨਹੀਂ ਕੀਤੇ ਜਾ ਰਹੇ, ਜੋ ਦਰਸਾਉਂਦਾ ਹੈ ਕਿ ਮਾਮਲੇ ‘ਚ ਕੁਝ ਗਲਤ ਹੈ।” ਉਨ੍ਹਾਂ ਦੇ ਅਨੁਸਾਰ, “ਇੱਕ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।”
7 ਅਕਤੂਬਰ ਨੂੰ ਕੀਤੀ ਸੀ ਖੁਦਕੁਸ਼ੀ
ਯਾਦ ਰਹੇ ਕਿ ਹਰਿਆਣਾ ਦੇ ਸੀਨੀਅਰ ਆਈਪੀਐਸ ਅਧਿਕਾਰੀ ਵਾਈ. ਪੂਰਨ ਕੁਮਾਰ ਨੇ 7 ਅਕਤੂਬਰ ਨੂੰ ਚੰਡੀਗੜ੍ਹ ਸਥਿਤ ਆਪਣੇ ਘਰ ‘ਚ ਖੁਦਕੁਸ਼ੀ ਕੀਤੀ ਸੀ। ਉਨ੍ਹਾਂ ਵੱਲੋਂ ਛੱਡੇ ਗਏ 9 ਪੰਨਾਂ ਦੇ ਸੁਸਾਇਡ ਨੋਟ ‘ਚ ਸੀਨੀਅਰ ਅਧਿਕਾਰੀਆਂ ‘ਤੇ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਗਾਏ ਗਏ ਸਨ। ਇਸ ਮਾਮਲੇ ‘ਚ ਕਈ ਅਧਿਕਾਰੀਆਂ ਵਿਰੁੱਧ ਐਫਆਈਆਰ ਦਰਜ ਹੋ ਚੁੱਕੀ ਹੈ ਅਤੇ ਚੰਡੀਗੜ੍ਹ ਪੁਲਿਸ ਨੇ ਜਾਂਚ ਲਈ ਛੇ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਬਣਾਈ ਹੈ।