ਲਗਭਗ 45 ਮਿੰਟ ਤੱਕ ਸਕੱਤਰੇਤ ਵਿੱਚ ਰਹੇ ਸੀਐਮ, ਪੇਸ਼ੀ ਮਗਰੋਂ ਆਇਆ ਵੱਡਾ ਬਿਆਨ
ਅੰਮ੍ਰਿਤਸਰ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਨਿਮਾਣੇ ਸਿੱਖ ਵਜੋਂ ਨੰਗੇ ਪੈਰੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਪੇਸ਼ ਹੋਏ। ਉਨ੍ਹਾਂ ਨੇ ਕਰੀਬ 45 ਮਿੰਟ ਤੱਕ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਾਹਮਣੇ ਆਪਣੇ ਬਿਆਨਾਂ ਸਬੰਧੀ ਸਪੱਸ਼ਟੀਕਰਨ ਦਿੱਤਾ। ਇਸ ਦੌਰਾਨ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਸਨ।
32 ਹਜ਼ਾਰ ਪੰਨਿਆਂ ਦੇ ਸਬੂਤ ਨਾਲ ਪਹੁੰਚੇ ਸੀਐਮ ਮਾਨ
ਜਾਣਕਾਰੀ ਅਨੁਸਾਰ ਮੁੱਖ ਮੰਤਰੀ ਮਾਨ ਆਪਣੇ ਨਾਲ ਕਰੀਬ 32 ਹਜ਼ਾਰ ਪੰਨਿਆਂ ਦੇ ਦਸਤਾਵੇਜ਼ੀ ਸਬੂਤ ਲੈ ਕੇ ਸਕੱਤਰੇਤ ਪੁੱਜੇ। ਇਹ ਸਾਰੇ ਦਸਤਾਵੇਜ਼ ਗੋਲਕਾਂ ਅਤੇ ਸਿੱਖ ਮੁੱਦਿਆਂ ਸਬੰਧੀ ਉਨ੍ਹਾਂ ਦੇ ਪਿਛਲੇ ਬਿਆਨਾਂ ਨਾਲ ਜੁੜੇ ਹੋਏ ਸਨ, ਜੋ ਉਨ੍ਹਾਂ ਨੇ ਜਥੇਦਾਰ ਸਾਹਿਬ ਅੱਗੇ ਪੇਸ਼ ਕਰਕੇ ਆਪਣਾ ਪੱਖ ਰੱਖਿਆ।
ਪੇਸ਼ੀ ਮਗਰੋਂ ਮੁੱਖ ਮੰਤਰੀ ਦਾ ਸਪੱਸ਼ਟ ਰੁਖ਼
ਸਕੱਤਰੇਤ ਤੋਂ ਬਾਹਰ ਆ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੇ ਜਥੇਦਾਰ ਸਾਹਿਬ ਨੂੰ ਆਪਣੇ ਸਾਰੇ ਬਿਆਨਾਂ ਬਾਰੇ ਪੂਰਾ ਸਪੱਸ਼ਟੀਕਰਨ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਜਾਣ-ਬੁੱਝ ਕੇ ਇਹ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦੇ ਰਹੇ ਹਨ, ਜਦਕਿ ਹਕੀਕਤ ਇਸ ਤੋਂ ਉਲਟ ਹੈ।
‘ਅਕਾਲ ਤਖ਼ਤ ਅੱਗੇ ਸਿਰ ਝੁਕਾਇਆ ਹੈ, ਕੋਈ ਚੁਣੌਤੀ ਨਹੀਂ’
ਮੁੱਖ ਮੰਤਰੀ ਨੇ ਦੋ ਟੁੱਕ ਕਿਹਾ ਕਿ ਉਹ ਸਿੱਖਾਂ ਦੀ ਸਰਵਉੱਚ ਸੰਸਥਾ ਅਕਾਲ ਤਖ਼ਤ ਸਾਹਿਬ ਅੱਗੇ ਨਤਮਸਤਕ ਹੋਏ ਹਨ ਅਤੇ ਉਨ੍ਹਾਂ ਵੱਲੋਂ ਕਦੇ ਵੀ ਕਿਸੇ ਤਰ੍ਹਾਂ ਦੀ ਚੁਣੌਤੀ ਨਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਜਥੇਦਾਰ ਸਾਹਿਬ ਵੱਲੋਂ ਭਵਿੱਖ ਵਿੱਚ ਜੋ ਵੀ ਨਿਰਦੇਸ਼ ਜਾਂ ਫੈਸਲਾ ਕੀਤਾ ਜਾਵੇਗਾ, ਉਸ ਬਾਰੇ ਉਨ੍ਹਾਂ ਨੂੰ ਅਗਾਹ ਕਰ ਦਿੱਤਾ ਜਾਵੇਗਾ।
ਇਤਰਾਜ਼ਯੋਗ ਵੀਡੀਓ ਨੂੰ ਕਰਾਰ ਦਿੱਤਾ ਜਾਅਲੀ
ਸੋਸ਼ਲ ਮੀਡੀਆ ’ਤੇ ਚਰਚਾ ਵਿੱਚ ਰਹੀ ਇਕ ਇਤਰਾਜ਼ਯੋਗ ਵੀਡੀਓ ਬਾਰੇ ਮੁੱਖ ਮੰਤਰੀ ਮਾਨ ਨੇ ਸਾਫ਼ ਕਿਹਾ ਕਿ ਇਹ ਵੀਡੀਓ ਪੂਰੀ ਤਰ੍ਹਾਂ ਜਾਅਲੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵੀ ਜਥੇਦਾਰ ਸਾਹਿਬ ਨੂੰ ਅਗਾਹ ਕਰ ਦਿੱਤਾ ਗਿਆ ਹੈ ਅਤੇ ਜਿੱਥੇ ਮਰਜ਼ੀ ਜਾਂਚ ਕਰਵਾਈ ਜਾ ਸਕਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਅੱਗੇ ਆਪਣੀ ਗੱਲ ਰੱਖ ਕੇ ਉਨ੍ਹਾਂ ਨੂੰ ਅੰਦਰੂਨੀ ਤੌਰ ’ਤੇ ਸੰਤੁਸ਼ਟੀ ਅਤੇ ਰਾਹਤ ਮਹਿਸੂਸ ਹੋਈ ਹੈ, ਕਿਉਂਕਿ ਉਹ ਜਨਤਾ ਦੀਆਂ ਭਾਵਨਾਵਾਂ ਨੂੰ ਪੂਰੀ ਗੰਭੀਰਤਾ ਨਾਲ ਜਥੇਦਾਰ ਸਾਹਿਬ ਅੱਗੇ ਰੱਖ ਕੇ ਆਏ ਹਨ।

