ਚੰਡੀਗੜ੍ਹ :- ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਸਰਗਰਮੀ ਤੇਜ਼ ਹੋ ਗਈ, ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਅਚਾਨਕ ਕੈਬਨਿਟ ਮੀਟਿੰਗ ਸੱਦ ਲਈ। ਇਹ ਬੈਠਕ ਅੱਜ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ ‘ਤੇ ਦੁਪਹਿਰ 3 ਵਜੇ ਹੋਵੇਗੀ। ਸੂਤਰਾਂ ਮੁਤਾਬਕ, ਇਸ ਮੀਟਿੰਗ ਵਿੱਚ ਸਰਕਾਰ ਵੱਲੋਂ ਕੁਝ ਅਹਿਮ ਅਤੇ ਦੂਰਗਾਮੀ ਫੈਸਲੇ ਲਏ ਜਾ ਸਕਦੇ ਹਨ।
ਮਨਰੇਗਾ ਮੁੱਦੇ ‘ਤੇ ਸਰਕਾਰ ਦਾ ਸਖ਼ਤ ਰੁਖ
ਕੈਬਨਿਟ ਬੈਠਕ ਨੂੰ ਇਸ ਲਈ ਵੀ ਖਾਸ ਮੰਨਿਆ ਜਾ ਰਿਹਾ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਮਨਰੇਗਾ ਸਕੀਮ ਦੇ ਨਾਮ ‘ਚ ਤਬਦੀਲੀ ਦੇ ਪ੍ਰਸਤਾਵ ਦਾ ਸਖ਼ਤ ਵਿਰੋਧ ਕਰ ਚੁੱਕੇ ਹਨ। ਮੁੱਖ ਮੰਤਰੀ ਸਪਸ਼ਟ ਕਰ ਚੁੱਕੇ ਹਨ ਕਿ ਪੰਜਾਬ ਸਰਕਾਰ ਇਸ ਮਾਮਲੇ ਨੂੰ ਲੈ ਕੇ ਕੇਂਦਰ ਸਰਕਾਰ ਦੇ ਰੁਖ ਨਾਲ ਸਹਿਮਤ ਨਹੀਂ ਹੈ। ਇਸੀ ਕੜੀ ਵਿੱਚ ਜਨਵਰੀ ਦੇ ਦੂਜੇ ਹਫ਼ਤੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ।
ਵਿਸ਼ੇਸ਼ ਸੈਸ਼ਨ ‘ਤੇ ਅੱਜ ਲੱਗ ਸਕਦੀ ਹੈ ਮੋਹਰ
ਅੱਜ ਹੋ ਰਹੀ ਕੈਬਨਿਟ ਮੀਟਿੰਗ ਵਿੱਚ ਉਸ ਵਿਸ਼ੇਸ਼ ਸੈਸ਼ਨ ਨੂੰ ਲੈ ਕੇ ਸਰਕਾਰੀ ਤੌਰ ‘ਤੇ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਕੈਬਨਿਟ ਇਸ ਮੁੱਦੇ ‘ਤੇ ਇਕਸਾਰ ਰਣਨੀਤੀ ਤੈਅ ਕਰੇਗੀ, ਤਾਂ ਜੋ ਪੰਜਾਬ ਦਾ ਪੱਖ ਮਜ਼ਬੂਤੀ ਨਾਲ ਰੱਖਿਆ ਜਾ ਸਕੇ।
ਸ਼ਹੀਦੀ ਹਫਤਾ ਅਤੇ ਨਵੇਂ ਸਾਲ ਨੂੰ ਲੈ ਕੇ ਵੀ ਚਰਚਾ
ਸੂਤਰਾਂ ਅਨੁਸਾਰ, ਕੈਬਨਿਟ ਬੈਠਕ ਦੌਰਾਨ ਸ਼ਹੀਦੀ ਹਫਤੇ ਨਾਲ ਜੁੜੇ ਪ੍ਰੋਗਰਾਮਾਂ ਅਤੇ ਪ੍ਰਬੰਧਾਂ ਬਾਰੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਨਵੇਂ ਸਾਲ ਦੀ ਆਮਦ ਮੌਕੇ ਜਨਤਾ ਲਈ ਕਿਸੇ ਨਵੇਂ ਐਲਾਨ ਜਾਂ ਰਾਹਤ ਪੈਕੇਜ ‘ਤੇ ਵੀ ਚਰਚਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ।
ਕੈਬਨਿਟ ਦੇ ਫੈਸਲਿਆਂ ‘ਤੇ ਟਿਕੀਆਂ ਨਜ਼ਰਾਂ
ਅਚਾਨਕ ਸੱਦੀ ਗਈ ਇਸ ਬੈਠਕ ਕਾਰਨ ਸਿਆਸੀ ਗਲਿਆਰਿਆਂ ਵਿੱਚ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਹੁਣ ਸਾਰੀਆਂ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਹਨ ਕਿ ਕੈਬਨਿਟ ਅੱਜ ਕਿਹੜੇ ਫੈਸਲਿਆਂ ‘ਤੇ ਮੋਹਰ ਲਗਾਉਂਦੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੀ ਸਿਆਸਤ ਨੂੰ ਕਿਹੜਾ ਰੁਖ ਮਿਲਦਾ ਹੈ।

