ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ ਦਾ ਦੇਹਾਂਤ, ਤਿੰਨ ਦਿਨਾਂ ਦਾ ਰਾਜਕੀ ਸੋਗ ਘੋਸ਼ਿਤ
ਰਾਸ਼ਟਰ ਅਤੇ ਰਾਜਨੀਤੀ ਨੂੰ ਵੱਡਾ ਝਟਕਾ, ਭਗਵੰਤ ਮਾਨ ਸਣੇ ਕਈ ਨੇਤਾਵਾਂ ਨੇ ਜਤਾਇਆ ਦੁੱਖ
ਝਾਰਖੰਡ ਮੁਕਤੀ ਮੋਰਚਾ (JMM) ਦੇ ਸੰਸਥਾਪਕ ਅਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ ਦਾ 81 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦੇ ਪੁੱਤਰ ਅਤੇ ਝਾਰਖੰਡ ਦੇ ਮੌਜੂਦਾ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਐਕਸ (ਪਹਿਲਾਂ ਟਵੀਟਰ) ਰਾਹੀਂ ਪਿਤਾ ਦੀ ਮੌਤ ਦੀ ਪੁਸ਼ਟੀ ਕੀਤੀ।
ਰਾਜ ਵਿੱਚ ਤਿੰਨ ਦਿਨਾਂ ਦਾ ਰਾਜਕੀ ਸੋਗ
ਝਾਰਖੰਡ ਸਰਕਾਰ ਨੇ ਸ਼ਿਬੂ ਸੋਰੇਨ ਦੇ ਦੇਹਾਂਤ ਉੱਤੇ ਤਿੰਨ ਦਿਨਾਂ ਦੇ ਰਾਜਕੀ ਸੋਗ ਦਾ ਐਲਾਨ ਕੀਤਾ ਹੈ। ਸਰਕਾਰ ਵੱਲੋਂ 4 ਅਤੇ 5 ਅਗਸਤ ਨੂੰ ਸਾਰੇ ਸਰਕਾਰੀ ਦਫ਼ਤਰ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ। ਇਨ੍ਹਾਂ ਦਿਨਾਂ ਦੌਰਾਨ ਰਾਜ ਦੀਆਂ ਸਰਕਾਰੀ ਇਮਾਰਤਾਂ ‘ਤੇ ਰਾਸ਼ਟਰੀ ਝੰਡਾ ਅੱਧਾ ਝੁਕਾਇਆ ਜਾਵੇਗਾ। ਸੂਬੇ ਦੇ ਸਾਰੇ ਨਿਰਧਾਰਤ ਕਾਰਜਕ੍ਰਮ ਵੀ ਰੱਦ ਕਰ ਦਿੱਤੇ ਗਏ ਹਨ।
ਦੇਸ਼ ਦੀਆਂ ਮੁੱਖ ਹਸਤੀਆਂ ਵੱਲੋਂ ਸ਼ਰਧਾਂਜਲੀ
ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਹੋਰ ਕਈ ਸਿਆਸੀ ਨੇਤਾਵਾਂ ਨੇ ਸ਼ਿਬੂ ਸੋਰੇਨ ਦੇ ਅਕਾਲ ਚਲਾਣੇ ‘ਤੇ ਦੁੱਖ ਪ੍ਰਗਟਾਇਆ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਸ਼ਰਧਾਂਜਲੀ
ਸੀ.ਐਮ ਭਗਵੰਤ ਸਿੰਘ ਮਾਨ ਨੇ ਟਵੀਟ ਕਰਦੇ ਹੋਏ ਲਿਖਿਆ ਕਿ,
“ਸ਼੍ਰੀ ਸ਼ਿਬੂ ਸੋਰੇਨ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਦੁਖਦਾਈ ਹੈ। ਉਹ ਆਦਿਵਾਸੀ ਹੱਕਾਂ, ਜਲ-ਜੰਗਲ-ਜ਼ਮੀਨ ਅਤੇ ਸੰਵਿਧਾਨਕ ਨਿਆਂ ਲਈ ਜ਼ਿੰਦਗੀ ਭਰ ਲੜਦੇ ਰਹੇ। ਉਨ੍ਹਾਂ ਦੀ ਲੜਾਈ ਅਤੇ ਯਾਦ ਨੂੰ ਕਦੇ ਭੁਲਾਇਆ ਨਹੀਂ ਜਾ ਸਕੇਗਾ। ਪਰਮਾਤਮਾ ਉਨ੍ਹਾਂ ਦੀ ਰੂਹ ਨੂੰ ਸ਼ਾਂਤੀ ਦੇਵੇ ਤੇ ਪਰਿਵਾਰ ਨੂੰ ਹੌਸਲਾ ਬਖ਼ਸ਼ੇ।”