ਚੰਡੀਗੜ੍ਹ :- ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆ ਗਿਆ ਹੈ। ਹਰਿਆਣਾ ਦੀ ਸੁਨਾਰੀਆ ਜ਼ਿਲ੍ਹਾ ਜੇਲ੍ਹ ਪ੍ਰਸ਼ਾਸਨ ਵੱਲੋਂ ਉਸਨੂੰ 40 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ, ਮੌਜੂਦਾ ਸਾਲ ਦੌਰਾਨ ਇਹ ਰਾਮ ਰਹੀਮ ਦੀ ਚੌਥੀ ਵਾਰ ਅਸਥਾਈ ਰਿਹਾਈ ਹੈ। ਜਦਕਿ 2017 ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਹੁਣ ਤੱਕ ਉਸਨੂੰ ਕੁੱਲ 15 ਵਾਰ ਪੈਰੋਲ ਜਾਂ ਫਰਲੋ ਮਿਲ ਚੁੱਕੀ ਹੈ। ਇਸ ਤੋਂ ਪਹਿਲਾਂ ਵੀ ਉਸਨੂੰ 40 ਦਿਨਾਂ ਲਈ ਹੀ ਪੈਰੋਲ ਦਿੱਤੀ ਗਈ ਸੀ।
ਹਰ ਵਾਰ ਪੈਰੋਲ ’ਤੇ ਉੱਠਦੇ ਨੇ ਸਵਾਲ
ਰਾਮ ਰਹੀਮ ਨੂੰ ਵਾਰ-ਵਾਰ ਮਿਲ ਰਹੀਆਂ ਪੈਰੋਲਾਂ ਨੂੰ ਲੈ ਕੇ ਹਰ ਵਾਰ ਸਿਆਸੀ ਅਤੇ ਸਮਾਜਿਕ ਪੱਧਰ ’ਤੇ ਵਿਰੋਧ ਦੀ ਆਵਾਜ਼ ਉੱਠਦੀ ਰਹੀ ਹੈ। ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਗੰਭੀਰ ਅਪਰਾਧ ਵਿੱਚ ਸਜ਼ਾ ਭੁਗਤ ਰਹੇ ਵਿਅਕਤੀ ਨੂੰ ਇਸ ਤਰ੍ਹਾਂ ਬਾਰ-ਬਾਰ ਛੂਟ ਦੇਣਾ ਨਿਆਂ ਪ੍ਰਣਾਲੀ ’ਤੇ ਸਵਾਲ ਖੜੇ ਕਰਦਾ ਹੈ।
ਪ੍ਰਸ਼ਾਸਨ ਦੀ ਦਲੀਲ
ਦੂਜੇ ਪਾਸੇ, ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪੈਰੋਲ ਕਾਨੂੰਨੀ ਪ੍ਰਕਿਰਿਆ ਅਧੀਨ ਅਤੇ ਨਿਰਧਾਰਤ ਨਿਯਮਾਂ ਮੁਤਾਬਕ ਦਿੱਤੀ ਗਈ ਹੈ। ਹਾਲਾਂਕਿ, ਰਾਮ ਰਹੀਮ ਦੀ ਹਰ ਰਿਹਾਈ ਦੇ ਨਾਲ ਹੀ ਰਾਜਨੀਤਿਕ ਹਲਕਿਆਂ ਵਿੱਚ ਚਰਚਾ ਤੇਜ਼ ਹੋ ਜਾਂਦੀ ਹੈ ਅਤੇ ਮਾਮਲਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਜਾਂਦਾ ਹੈ।

