ਨਵੀਂ ਦਿੱਲੀ :- ਦਿੱਲੀ ਹਾਈ ਕੋਰਟ ਨੂੰ ਸ਼ੁੱਕਰਵਾਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਅਦਾਲਤ ਪ੍ਰਬੰਧਕਾਂ ਵੱਲੋਂ ਤੁਰੰਤ ਐਮਰਜੈਂਸੀ ਕਦਮ ਚੁੱਕੇ ਗਏ। ਜੱਜਾਂ, ਵਕੀਲਾਂ, ਮੁਕੱਦਮੇਬਾਜ਼ਾਂ ਅਤੇ ਸਟਾਫ਼ ਨੂੰ ਫ਼ੌਰੀ ਤੌਰ ‘ਤੇ ਅਦਾਲਤ ਦੇ ਅਹਾਤੇ ਤੋਂ ਬਾਹਰ ਕੱਢਿਆ ਗਿਆ। ਸਥਿਤੀ ਨੂੰ ਦੇਖਦਿਆਂ ਪੂਰੇ ਇਲਾਕੇ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ।
ਈਮੇਲ ਰਾਹੀਂ ਆਈ ਧਮਕੀ
ਦਿੱਲੀ ਪੁਲਸ ਦੇ ਸੂਤਰਾਂ ਅਨੁਸਾਰ ਧਮਕੀ ਭਰੀ ਈਮੇਲ ਰਾਹੀਂ ਮਿਲੀ, ਜਿਸ ‘ਚ ਇੱਕ ਅਦਾਲਤ ਦਾ ਜ਼ਿਕਰ ਸੀ ਪਰ ਸਹੀ ਸਥਾਨ ਦੀ ਜਾਣਕਾਰੀ ਨਹੀਂ ਦਿੱਤੀ ਗਈ ਸੀ। ਇਸ ਕਾਰਨ ਪੂਰੇ ਹਾਈ ਕੋਰਟ ਕੰਪਲੈਕਸ ਵਿੱਚ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ।
ਬੰਬ ਨਿਰੋਧਕ ਦਸਤਾ ਤਾਇਨਾਤ
ਧਮਕੀ ਮਿਲਦਿਆਂ ਹੀ ਬੰਬ ਖੋਜ ਅਤੇ ਨਿਰੋਧਕ ਦਸਤੇ (BDDS) ਨੂੰ ਮੌਕੇ ‘ਤੇ ਤਾਇਨਾਤ ਕੀਤਾ ਗਿਆ। ਪੁਲਸ ਨੇ ਅਦਾਲਤ ਦੇ ਹਰ ਹਿੱਸੇ ਦੀ ਤਲਾਸ਼ੀ ਲਈ ਇਲਾਕੇ ਨੂੰ ਘੇਰ ਲਿਆ ਅਤੇ ਕੋਈ ਵੀ ਸ਼ੱਕੀ ਚੀਜ਼ ਮਿਲਣ ‘ਤੇ ਤੁਰੰਤ ਕਾਰਵਾਈ ਕਰਨ ਲਈ ਟੀਮਾਂ ਤੈਨਾਤ ਕੀਤੀਆਂ ਗਈਆਂ।
ਜਾਂਚ ਜਾਰੀ
ਦਿੱਲੀ ਪੁਲਸ ਦਾ ਕਹਿਣਾ ਹੈ ਕਿ ਧਮਕੀ ਦੇ ਸਰੋਤ ਅਤੇ ਇਸ ਦੇ ਪਿੱਛੇ ਮਕਸਦ ਦੀ ਜਾਂਚ ਜਾਰੀ ਹੈ। ਫਿਲਹਾਲ ਹਾਈ ਕੋਰਟ ਕੰਪਲੈਕਸ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।