ਆਸਟ੍ਰੇਲੀਆ :- ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿਚਲੇ ਬਾਂਡੀ ਬੀਚ ‘ਤੇ ਹਨੂਕਾ ਤਿਉਹਾਰ ਮਨਾਉਣ ਦੌਰਾਨ ਗੋਲੀਬਾਰੀ ਦੀ ਭਿਆਨਕ ਘਟਨਾ ਵਾਪਰ ਗਈ, ਜਿਸ ਨੇ ਪੂਰੇ ਇਲਾਕੇ ਨੂੰ ਦਹਿਸ਼ਤ ‘ਚ ਧੱਕ ਦਿੱਤਾ। ਇਸ ਹਮਲੇ ਵਿੱਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ, ਜਦਕਿ ਕਈ ਹੋਰ ਜ਼ਖ਼ਮੀ ਦੱਸੇ ਜਾ ਰਹੇ ਹਨ।
2000 ਤੋਂ ਵੱਧ ਲੋਕ ਸਨ ਮੌਜੂਦ, ਅਚਾਨਕ ਚੱਲੀਆਂ ਗੋਲੀਆਂ
ਜਾਣਕਾਰੀ ਮੁਤਾਬਕ ਸੋਮਵਾਰ ਸ਼ਾਮ ਨੂੰ ਯਹੂਦੀ ਭਾਈਚਾਰੇ ਵੱਲੋਂ ਹਨੂਕਾ ਤਿਉਹਾਰ ਮਨਾਇਆ ਜਾ ਰਿਹਾ ਸੀ, ਜਿਸ ਵਿੱਚ 2000 ਤੋਂ ਵੱਧ ਲੋਕ ਸ਼ਾਮਲ ਹੋਏ ਹੋਏ ਸਨ। ਇਸ ਦੌਰਾਨ ਅਚਾਨਕ ਕਈ ਰਾਊਂਡ ਗੋਲੀਆਂ ਚੱਲਣ ਨਾਲ ਸਮਾਗਮ ਸਥਾਨ ‘ਤੇ ਅਫ਼ਰਾ-ਤਫ਼ਰੀ ਮਚ ਗਈ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਦੌੜ ਪਏ।
ਵੀਡੀਓ ਆਈ ਸਾਹਮਣੇ, ਉੱਚੀ ਇਮਾਰਤ ਤੋਂ ਕੀਤੀ ਗਈ ਗੋਲੀਬਾਰੀ
ਘਟਨਾ ਨਾਲ ਸਬੰਧਤ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੋ ਹਮਲਾਵਰ ਕਾਲੇ ਕੱਪੜਿਆਂ ਵਿੱਚ, ਰਾਈਫਲਾਂ ਨਾਲ ਲੈਸ, ਇੱਕ ਉੱਚੀ ਇਮਾਰਤ ਤੋਂ ਹੇਠਾਂ ਮੌਜੂਦ ਲੋਕਾਂ ‘ਤੇ ਗੋਲੀਆਂ ਚਲਾਉਂਦੇ ਨਜ਼ਰ ਆ ਰਹੇ ਹਨ। ਇਸ ਦ੍ਰਿਸ਼ ਨੇ ਸਥਾਨਕ ਲੋਕਾਂ ਵਿੱਚ ਡਰ ਦਾ ਮਾਹੌਲ ਹੋਰ ਵੀ ਗੰਭੀਰ ਕਰ ਦਿੱਤਾ।
ਐਂਬੂਲੈਂਸ ਸੇਵਾ ਅਤੇ ਪੁਲਿਸ ਤੁਰੰਤ ਹਰਕਤ ‘ਚ
ਰਾਇਟਰਜ਼ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ ਨਿਊ ਸਾਊਥ ਵੇਲਜ਼ ਐਂਬੂਲੈਂਸ ਸੇਵਾ ਨੂੰ ਸ਼ਾਮ ਕਰੀਬ 6.45 ਵਜੇ ਬਾਂਡੀ ਬੀਚ ‘ਤੇ ਗੋਲੀ ਲੱਗਣ ਦੀਆਂ ਕਈ ਸੂਚਨਾਵਾਂ ਮਿਲੀਆਂ। ਐਮਰਜੈਂਸੀ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਮੁੱਢਲਾ ਇਲਾਜ ਮੁਹੱਈਆ ਕਰਵਾਇਆ ਅਤੇ ਗੰਭੀਰ ਹਾਲਤ ਵਾਲਿਆਂ ਨੂੰ ਨੇੜਲੇ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ। ਪੁਲਿਸ ਵੱਲੋਂ ਇਲਾਕਾ ਖਾਲੀ ਕਰਵਾਉਂਦਿਆਂ ਲੋਕਾਂ ਨੂੰ ਦੂਰ ਰਹਿਣ ਦੀ ਅਪੀਲ ਕੀਤੀ ਗਈ।
ਰਾਸ਼ਟਰਪਤੀ ਹਰਜ਼ੋਗ ਨੇ ਹਮਲੇ ਨੂੰ ਦੱਸਿਆ ਅੱਤਵਾਦੀ ਕਰਤੂਤ
ਇਜ਼ਰਾਈਲ ਦੇ ਰਾਸ਼ਟਰਪਤੀ ਇਸਹਾਕ ਹਰਜ਼ੋਗ ਨੇ ਇਸ ਘਟਨਾ ‘ਤੇ ਡੂੰਘਾ ਦੁੱਖ ਜਤਾਉਂਦਿਆਂ ਕਿਹਾ ਕਿ ਬਾਂਡੀ ਬੀਚ ‘ਤੇ ਹਨੂਕਾ ਦੀ ਪਹਿਲੀ ਮੋਮਬੱਤੀ ਜਗਾ ਰਹੇ ਨਿਰਦੋਸ਼ ਲੋਕਾਂ ‘ਤੇ ਕੀਤਾ ਗਿਆ ਹਮਲਾ ਸਿੱਧਾ ਅੱਤਵਾਦੀ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਇਸ ਦੁੱਖਦਾਈ ਵੇਲੇ ਇਜ਼ਰਾਈਲ ਦਾ ਹਰ ਨਾਗਰਿਕ ਸਿਡਨੀ ਦੇ ਯਹੂਦੀ ਭਾਈਚਾਰੇ ਦੇ ਨਾਲ ਖੜਾ ਹੈ ਅਤੇ ਜ਼ਖ਼ਮੀਆਂ ਦੀ ਜਲਦੀ ਸਿਹਤਯਾਬੀ ਅਤੇ ਮ੍ਰਿਤਕਾਂ ਲਈ ਅਰਦਾਸ ਕਰਦਾ ਹੈ।
ਘਟਨਾ ਦੀ ਜਾਂਚ ਜਾਰੀ, ਸ਼ਹਿਰ ‘ਚ ਸਖ਼ਤ ਸੁਰੱਖਿਆ
ਪੁਲਿਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਹਮਲੇ ਦੀ ਪੂਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਿਡਨੀ ਦੇ ਸੰਵੇਦਨਸ਼ੀਲ ਇਲਾਕਿਆਂ ‘ਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਦੋਸ਼ੀਆਂ ਦੀ ਤਲਾਸ਼ ਲਈ ਛਾਪੇਮਾਰੀ ਜਾਰੀ ਹੈ।

