ਚੰਡੀਗੜ੍ਹ :- ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਚੋਣ ਵਿੱਚ ਇਸ ਵਾਰ ਭਾਜਪਾ ਨੇ ਸਪਸ਼ਟ ਬਹੂਮਤ ਨਾਲ ਜਿੱਤ ਦਰਜ ਕੀਤੀ ਹੈ। ਭਾਜਪਾ ਦੇ ਉਮੀਦਵਾਰ ਸੌਰਭ ਜੋਸ਼ੀ ਨੇ 18 ਵੋਟਾਂ ਨਾਲ ਮੇਅਰ ਦੀ ਕੁਰਸੀ ਆਪਣੇ ਨਾਂ ਕਰ ਲਈ। ਕਾਂਗਰਸ ਉਮੀਦਵਾਰ ਨੂੰ 7 ਵੋਟ ਮਿਲੇ ਜਦਕਿ ਆਮ ਆਦਮੀ ਪਾਰਟੀ ਦੇ ਹਿੱਸੇ 11 ਵੋਟ ਆਏ।
ਸੀਕ੍ਰੇਟ ਬੈਲਟ ਦੀ ਥਾਂ ਹੱਥ ਖੜੇ ਕਰ ਕੇ ਹੋਇਆ ਚੋਣ ਪ੍ਰਕਿਰਿਆ
ਇਸ ਵਾਰ ਮੇਅਰ ਚੋਣ ਸੀਕ੍ਰੇਟ ਬੈਲਟ ਦੀ ਬਜਾਏ ਪਾਰਸ਼ਦਾਂ ਵੱਲੋਂ ਹੱਥ ਖੜੇ ਕਰ ਕੇ ਕਰਵਾਈ ਗਈ। ਇਹ ਪਹਿਲੀ ਵਾਰ ਸੀ ਜਦੋਂ ਤਿੰਨੋ ਸਿਆਸੀ ਪਾਰਟੀਆਂ—ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ—ਨੇ ਅਲੱਗ-ਅਲੱਗ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰੇ। ਪਿਛਲੇ ਦੋ ਮੇਅਰ ਚੋਣਾਂ ਦੌਰਾਨ ਕਾਂਗਰਸ ਅਤੇ ਆਪ ਦਾ ਗਠਜੋੜ ਬਣਿਆ ਹੋਇਆ ਸੀ।
ਵੋਟਿੰਗ ਤੋਂ ਪਹਿਲਾਂ ਹੀ ਮਿਲਣ ਲੱਗੀਆਂ ਵਧਾਈਆਂ
ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਹੀ ਭਾਜਪਾ ਪਾਰਸ਼ਦ ਸੌਰਭ ਜੋਸ਼ੀ ਨੂੰ ਵਧਾਈਆਂ ਮਿਲਣ ਲੱਗ ਪਈਆਂ ਸਨ, ਜਿਸ ਨਾਲ ਨਤੀਜਿਆਂ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਕਾਫ਼ੀ ਚਰਚਾ ਚੱਲਦੀ ਰਹੀ।
ਜਿੱਤ ਮਗਰੋਂ ਭਾਵੁਕ ਹੋਏ ਨਵੇਂ ਮੇਅਰ
ਮੇਅਰ ਚੁਣੇ ਜਾਣ ਤੋਂ ਬਾਅਦ ਸੌਰਭ ਜੋਸ਼ੀ ਭਾਵੁਕ ਨਜ਼ਰ ਆਏ। ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਹਮੇਸ਼ਾਂ ਇਹੀ ਸਿੱਖਿਆ ਦਿੰਦੇ ਰਹੇ ਕਿ ਸਹੀ ਰਸਤੇ ‘ਤੇ ਚੱਲੋਗੇ ਤਾਂ ਸਭ ਕੁਝ ਆਪਣੇ ਆਪ ਠੀਕ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਆਪਣੇ ਵਾਰਡ ਦੇ ਬਜ਼ੁਰਗਾਂ ਅਤੇ ਨੌਜਵਾਨਾਂ ਵੱਲੋਂ ਮਿਲੇ ਪੂਰੇ ਸਹਿਯੋਗ ਨੇ ਉਨ੍ਹਾਂ ਨੂੰ ਇਸ ਮਕਾਮ ਤੱਕ ਪਹੁੰਚਾਇਆ।
ਹੁਣ ਸਿਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਵੋਟਿੰਗ
ਮੇਅਰ ਚੋਣ ਤੋਂ ਬਾਅਦ ਹੁਣ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਵੀ ਵੋਟਿੰਗ ਕਰਵਾਈ ਜਾਵੇਗੀ, ਜਿਸ ‘ਤੇ ਸਿਆਸੀ ਧਿਰਾਂ ਦੀ ਨਜ਼ਰ ਟਿਕੀ ਹੋਈ ਹੈ।

