ਚੰਡੀਗੜ੍ਹ :- ਪੰਜਾਬ ਸਰਕਾਰ ਵੱਲੋਂ ਅੱਜ ਸੂਬੇ ਦੇ ਲੋਕਾਂ ਲਈ ਇੱਕ ਵੱਡੀ ਸਿਹਤ ਸੰਬੰਧੀ ਸਕੀਮ ਦੀ ਸ਼ੁਰੂਆਤ ਕਰ ਦਿੱਤੀ ਗਈ। ਮੋਹਾਲੀ ਵਿੱਚ ਆਯੋਜਿਤ ਵਿਸ਼ੇਸ਼ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨੂੰ ਸਰਕਾਰੀ ਤੌਰ ’ਤੇ ਲਾਂਚ ਕੀਤਾ।
ਹਰ ਪਰਿਵਾਰ ਨੂੰ ਮਿਲੇਗਾ 10 ਲੱਖ ਰੁਪਏ ਦਾ ਮੁਫ਼ਤ ਇਲਾਜ
ਇਸ ਯੋਜਨਾ ਤਹਿਤ ਪੰਜਾਬ ਦੇ ਹਰ ਪਰਿਵਾਰ ਨੂੰ ਸਾਲਾਨਾ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਉਪਲਬਧ ਕਰਵਾਇਆ ਜਾਵੇਗਾ। ਇਲਾਜ ਦੀ ਇਹ ਸਹੂਲਤ ਸਰਕਾਰੀ ਨਾਲ ਨਾਲ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ ਵੀ ਮਿਲੇਗੀ।
ਨਾ ਆਮਦਨ ਦੀ ਪਾਬੰਦੀ, ਨਾ ਉਮਰ ਦੀ ਹੱਦ
ਸਰਕਾਰ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਇਸ ਸਕੀਮ ਲਈ ਕਿਸੇ ਵੀ ਤਰ੍ਹਾਂ ਦੀ ਆਮਦਨ ਸੀਮਾ ਜਾਂ ਉਮਰ ਸੰਬੰਧੀ ਸ਼ਰਤ ਨਹੀਂ ਰੱਖੀ ਗਈ। ਪੰਜਾਬ ਦਾ ਹਰ ਨਿਵਾਸੀ, ਜਿਸ ਕੋਲ ਆਧਾਰ ਕਾਰਡ ਜਾਂ ਵੋਟਰ ਕਾਰਡ ਹੋਵੇ, ਇਸ ਯੋਜਨਾ ਦਾ ਲਾਭ ਲੈ ਸਕਦਾ ਹੈ।
ਪੰਜਾਬ ਦਾ ਦਸਤਾਵੇਜ਼ ਹੋਣਾ ਲਾਜ਼ਮੀ
ਯੋਜਨਾ ਦਾ ਲਾਭ ਲੈਣ ਲਈ ਆਧਾਰ ਕਾਰਡ ਜਾਂ ਵੋਟਰ ਕਾਰਡ ’ਤੇ ਪੰਜਾਬ ਦਾ ਪਤਾ ਦਰਜ ਹੋਣਾ ਜ਼ਰੂਰੀ ਹੈ। ਸਰਕਾਰ ਅਨੁਸਾਰ ਇਸ ਸਕੀਮ ਰਾਹੀਂ ਸੂਬੇ ਦੇ ਕਰੀਬ 65 ਲੱਖ ਪਰਿਵਾਰਾਂ ਦੇ ਤਕਰੀਬਨ 3 ਕਰੋੜ ਲੋਕ ਸਿੱਧੇ ਤੌਰ ’ਤੇ ਲਾਭਾਂਸ਼ੀ ਬਣਨਗੇ।
ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰਨ ਵੱਲ ਵੱਡਾ ਕਦਮ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਯੋਜਨਾ ਦਾ ਮਕਸਦ ਕਿਸੇ ਵੀ ਪੰਜਾਬੀ ਨੂੰ ਪੈਸਿਆਂ ਦੀ ਕਮੀ ਕਾਰਨ ਇਲਾਜ ਤੋਂ ਵੰਜਿਤ ਨਾ ਰਹਿਣ ਦੇਣਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦਾ ਧਿਆਨ ਸੂਬੇ ਵਿੱਚ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਕੇ ਲੋਕਾਂ ’ਤੇ ਆਰਥਿਕ ਬੋਝ ਘਟਾਉਣਾ ਹੈ।
ਲੋਕਾਂ ਲਈ ਇਤਿਹਾਸਕ ਫੈਸਲਾ ਕਰਾਰ
ਸਰਕਾਰੀ ਦਾਅਵੇ ਮੁਤਾਬਕ ਇਹ ਯੋਜਨਾ ਪੰਜਾਬ ਦੀ ਸਭ ਤੋਂ ਵੱਡੀ ਸਿਹਤ ਬੀਮਾ ਸਕੀਮ ਸਾਬਤ ਹੋਵੇਗੀ, ਜਿਸ ਨਾਲ ਆਮ ਲੋਕਾਂ ਨੂੰ ਮਹਿੰਗੇ ਇਲਾਜ ਤੋਂ ਵੱਡੀ ਰਾਹਤ ਮਿਲੇਗੀ ਅਤੇ ਸਿਹਤ ਖਰਚਿਆਂ ਦੀ ਚਿੰਤਾ ਘੱਟ ਹੋਵੇਗੀ।

