ਚੰਡੀਗੜ੍ਹ :- ਪੰਜਾਬ ਦੇ ਲੋਕਾਂ ਲਈ ਨਵੇਂ ਸਾਲ ਦੀ ਸ਼ੁਰੂਆਤ ਵੱਡੀ ਸੌਗਾਤ ਨਾਲ ਹੋਣ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਿਹਤ ਵਿਭਾਗ ਨੂੰ ਜਨਵਰੀ ਮਹੀਨੇ ਤੋਂ “ਮੁੱਖ ਮੰਤਰੀ ਸਿਹਤ ਯੋਜਨਾ” ਲਾਗੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤਹਿਤ ਸੂਬੇ ਦੇ ਹਰ ਪਰਿਵਾਰ ਨੂੰ ਸਾਲਾਨਾ 10 ਲੱਖ ਰੁਪਏ ਤੱਕ ਦਾ ਨਕਦ ਰਹਿਤ ਇਲਾਜ ਮਿਲੇਗਾ।
ਹਰ ਪਰਿਵਾਰ ਲਈ ਬਿਨਾਂ ਖਰਚੇ ਇਲਾਜ ਦੀ ਗਾਰੰਟੀ
ਸਿਹਤ ਵਿਭਾਗ ਨਾਲ ਹੋਈ ਉੱਚ ਪੱਧਰੀ ਮੀਟਿੰਗ ਦੀ ਅਗਵਾਈ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਯੋਜਨਾ ਲੋਕਾਂ ਨੂੰ ਮਹਿੰਗੇ ਇਲਾਜ ਦੇ ਬੋਝ ਤੋਂ ਬਚਾਉਣ ਵੱਲ ਇੱਕ ਇਤਿਹਾਸਕ ਕਦਮ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦੇ ਲਾਗੂ ਹੋਣ ਨਾਲ ਪੰਜਾਬ ਦੇ ਹਰ ਨਾਗਰਿਕ ਨੂੰ ਬਿਨਾਂ ਜੇਬੋਂ ਪੈਸਾ ਦਿੱਤੇ ਮਿਆਰੀ ਸਿਹਤ ਸਹੂਲਤਾਂ ਪ੍ਰਾਪਤ ਹੋਣਗੀਆਂ।
ਦੇਸ਼ ’ਚ ਪਹਿਲੀ ਵਾਰ 10 ਲੱਖ ਰੁਪਏ ਤੱਕ ਕਵਰੇਜ
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣੇਗਾ ਜਿੱਥੇ ਹਰ ਪਰਿਵਾਰ ਲਈ 10 ਲੱਖ ਰੁਪਏ ਤੱਕ ਦਾ ਨਕਦ ਰਹਿਤ ਸਿਹਤ ਕਵਰੇਜ ਯਕੀਨੀ ਬਣਾਇਆ ਜਾ ਰਿਹਾ ਹੈ। ਇਸ ਨਾਲ ਗੰਭੀਰ ਬਿਮਾਰੀਆਂ, ਵੱਡੀਆਂ ਸਰਜਰੀਆਂ ਅਤੇ ਜਟਿਲ ਇਲਾਜ ਲਈ ਲੋਕਾਂ ਨੂੰ ਵਿੱਤੀ ਚਿੰਤਾ ਤੋਂ ਮੁਕਤੀ ਮਿਲੇਗੀ।
ਸਰਕਾਰੀ ਤੇ ਨਿੱਜੀ ਹਸਪਤਾਲਾਂ ’ਚ ਇਲਾਜ ਦੀ ਸੁਵਿਧਾ
ਇਸ ਯੋਜਨਾ ਅਧੀਨ ਪੰਜਾਬ ਅਤੇ ਚੰਡੀਗੜ੍ਹ ਦੇ ਸੂਚੀਬੱਧ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਇਲਾਜ ਕਰਵਾਇਆ ਜਾ ਸਕੇਗਾ। ਆਈਸੀਯੂ ਸਹੂਲਤਾਂ, ਗੰਭੀਰ ਦੇਖਭਾਲ, ਜਾਂਚਾਂ, ਦਵਾਈਆਂ, ਸਰਜਰੀਆਂ ਅਤੇ ਹਸਪਤਾਲ ਵਿੱਚ ਭਰਤੀ ਤੋਂ ਪਹਿਲਾਂ ਤੇ ਬਾਅਦ ਦੇ ਸਾਰੇ ਖਰਚੇ ਇਸ ਕਵਰੇਜ ਵਿੱਚ ਸ਼ਾਮਲ ਹੋਣਗੇ।
ਆਮਦਨ ਦੀ ਕੋਈ ਸ਼ਰਤ ਨਹੀਂ
ਮੁੱਖ ਮੰਤਰੀ ਮਾਨ ਨੇ ਸਾਫ਼ ਕੀਤਾ ਕਿ ਇਸ ਸਕੀਮ ਲਈ ਕਿਸੇ ਵੀ ਤਰ੍ਹਾਂ ਦੀ ਆਮਦਨ ਸੀਮਾ ਨਹੀਂ ਰੱਖੀ ਗਈ। ਸਰਕਾਰੀ ਕਰਮਚਾਰੀ, ਪੈਨਸ਼ਨਰ ਸਮੇਤ ਸੂਬੇ ਦਾ ਹਰ ਨਾਗਰਿਕ ਇਸ ਯੋਜਨਾ ਦਾ ਲਾਭ ਲੈ ਸਕੇਗਾ। ਉਨ੍ਹਾਂ ਕਿਹਾ ਕਿ ਪਹਿਲਾਂ 5 ਲੱਖ ਰੁਪਏ ਤੱਕ ਦੀ ਸੀਮਾ ਸੀ, ਜਿਸਨੂੰ ਹੁਣ ਦੁੱਗਣਾ ਕਰ ਦਿੱਤਾ ਗਿਆ ਹੈ।
ਕਾਗਜ਼ ਰਹਿਤ ਅਤੇ ਡਿਜੀਟਲ ਪ੍ਰਣਾਲੀ
ਮੁੱਖ ਮੰਤਰੀ ਅਨੁਸਾਰ, ਯੋਜਨਾ ਤਹਿਤ ਕਾਗਜ਼ ਰਹਿਤ ਅਤੇ ਨਕਦ ਰਹਿਤ ਇਲਾਜ ਪ੍ਰਣਾਲੀ ਲਾਗੂ ਕੀਤੀ ਜਾਵੇਗੀ। ਡਿਜੀਟਲ ਪਲੇਟਫਾਰਮ ਰਾਹੀਂ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਅਤੇ ਲਾਭਪਾਤਰੀਆਂ ਦੀ ਮਦਦ ਨੂੰ ਵੀ ਯਕੀਨੀ ਬਣਾਇਆ ਜਾਵੇਗਾ।
ਇਲਾਜ ਤੋਂ ਕੋਈ ਵੀ ਵੰਝਾ ਨਹੀਂ ਰਹੇਗਾ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਯੋਜਨਾ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਪੰਜਾਬ ਵਿੱਚ ਕਿਸੇ ਵੀ ਨਾਗਰਿਕ ਨੂੰ ਪੈਸਿਆਂ ਦੀ ਕਮੀ ਕਾਰਨ ਇਲਾਜ ਤੋਂ ਵਾਂਝਾ ਨਾ ਰਹਿਣਾ ਪਵੇ। ਸਿਹਤ ਵਿਭਾਗ ਨੂੰ ਯੋਜਨਾ ਦੀ ਸੁਚਾਰੂ ਸ਼ੁਰੂਆਤ ਲਈ ਸਾਰੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

