ਗੁਜਰਾਤ :- ਗੁਜਰਾਤ ਦੀ ਸਿਆਸਤ ‘ਚ ਅੱਜ ਵੱਡੀ ਉਥਲ-ਪੁਥਲ ਦੇਖਣ ਨੂੰ ਮਿਲੀ ਹੈ। ਮੁੱਖ ਮੰਤਰੀ ਭੂਪੇਂਦਰ ਪਟੇਲ ਦੀ ਅਗਵਾਈ ਹੇਠ ਹੋਈ ਇਕ ਮਹੱਤਵਪੂਰਨ ਬੈਠਕ ‘ਚ ਸੂਬਾ ਮੰਤਰੀ ਮੰਡਲ ਦੇ ਸਾਰੇ ਮੈਂਬਰਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਹ ਕਦਮ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੇ ਹੁਕਮਾਂ ‘ਤੇ ਚੁੱਕਿਆ ਗਿਆ ਦੱਸਿਆ ਜਾ ਰਿਹਾ ਹੈ।
ਮੰਤਰੀ ਮੰਡਲ ਦੇ ਸਾਰੇ ਮੈਂਬਰਾਂ ਨੇ ਸੌਂਪੇ ਅਸਤੀਫ਼ੇ
ਸਰੋਤਾਂ ਅਨੁਸਾਰ, ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਮੁੱਖ ਮੰਤਰੀ ਨਿਵਾਸ ਵਿਖੇ ਹੋਈ ਬੈਠਕ ਦੌਰਾਨ ਇਹ ਫੈਸਲਾ ਮੰਤਰੀਆਂ ਨੂੰ ਦੱਸਿਆ ਗਿਆ, ਜਿਸ ਤੋਂ ਬਾਅਦ ਸਾਰੇ 16 ਮੰਤਰੀਆਂ ਨੇ ਆਪਣੇ ਅਸਤੀਫ਼ੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੂੰ ਸੌਂਪ ਦਿੱਤੇ। ਇਹ ਫੈਸਲਾ ਭਾਜਪਾ ਪ੍ਰਦੇਸ਼ ਪ੍ਰਧਾਨ ਜਗਦੀਸ਼ ਵਿਸ਼ਵਕਰਮਾ ਦੇ ਨਿਰਦੇਸ਼ਾਂ ‘ਤੇ ਲਿਆ ਗਿਆ ਹੈ। ਮੁੱਖ ਮੰਤਰੀ ਭੂਪੇਂਦਰ ਪਟੇਲ ਅੱਜ ਰਾਤ ਗੁਜਰਾਤ ਦੇ ਰਾਜਪਾਲ ਨਾਲ ਮਿਲ ਕੇ ਮੰਤਰੀ ਮੰਡਲ ਦੇ ਸਾਰੇ ਅਸਤੀਫ਼ੇ ਅਧਿਕਾਰਕ ਤੌਰ ‘ਤੇ ਪੇਸ਼ ਕਰਨਗੇ।
ਕੱਲ੍ਹ ਹੋਵੇਗਾ ਨਵਾਂ ਕੈਬਨਿਟ ਵਿਸਥਾਰ
ਸਰਕਾਰੀ ਸਰੋਤਾਂ ਮੁਤਾਬਕ, ਨਵੀਂ ਮੰਤਰੀ ਮੰਡਲ ਦਾ ਵਿਸਥਾਰ ਕੱਲ੍ਹ ਸਵੇਰੇ 11:30 ਵਜੇ ਗਾਂਧੀਨਗਰ ਸਥਿਤ ਮਹਾਤਮਾ ਮੰਦਰ ਵਿਖੇ ਹੋਵੇਗਾ। ਇਸ ਸਮਾਰੋਹ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ ਵੀ ਮੌਜੂਦ ਰਹਿਣਗੇ। ਨਵੇਂ ਮੰਤਰੀਆਂ ਦੀ ਸਹੁੰ ਸਮਾਰੋਹ ਲਈ ਤਿਆਰੀਆਂ ਪੂਰੀ ਤਰ੍ਹਾਂ ਨਾਲ ਜੋਰਾਂ ‘ਤੇ ਹਨ।
2027 ਚੋਣਾਂ ਤੋਂ ਪਹਿਲਾਂ ਨਵੀਂ ਰਣਨੀਤੀ ਦੀ ਤਿਆਰੀ
ਪਾਰਟੀ ਦੇ ਅੰਦਰੂਨੀ ਸੂਤਰਾਂ ਅਨੁਸਾਰ, ਇਹ ਵੱਡਾ ਬਦਲਾਅ ਸੰਗਠਨ ਅਤੇ ਸਰਕਾਰ ਦੋਵਾਂ ਵਿੱਚ ਨਵੀਂ ਊਰਜਾ ਭਰਨ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ। ਭਾਜਪਾ ਦੀ ਕੋਸ਼ਿਸ਼ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨੌਜਵਾਨ ਅਤੇ ਨਵੇਂ ਚਿਹਰਿਆਂ ਨੂੰ ਅੱਗੇ ਲਿਆ ਕੇ ਸੂਬੇ ਦੀ ਸਿਆਸੀ ਰਣਨੀਤੀ ਨੂੰ ਹੋਰ ਮਜ਼ਬੂਤ ਕੀਤਾ ਜਾਵੇ।
ਅਧਿਕਾਰਤ ਪ੍ਰਤੀਕਿਰਿਆ ਦੀ ਉਡੀਕ
ਇਸ ਪੂਰੇ ਘਟਨਾਕ੍ਰਮ ‘ਤੇ ਨਾ ਤਾਂ ਭਾਜਪਾ ਹਾਈਕਮਾਂਡ ਅਤੇ ਨਾ ਹੀ ਮੁੱਖ ਮੰਤਰੀ ਦਫ਼ਤਰ ਵੱਲੋਂ ਕੋਈ ਅਧਿਕਾਰਕ ਬਿਆਨ ਜਾਰੀ ਕੀਤਾ ਗਿਆ ਹੈ। ਹਾਲਾਂਕਿ ਰਾਜਨੀਤਕ ਪੱਧਰ ‘ਤੇ ਗੁਜਰਾਤ ‘ਚ ਹੁਣ ਵੱਡੇ ਪੱਧਰ ‘ਤੇ ਤਬਦੀਲੀਆਂ ਦੇ ਸੰਕੇਤ ਮਿਲ ਰਹੇ ਹਨ।