ਚੰਡੀਗੜ੍ਹ :- ਫਤਿਹਗੜ੍ਹ ਚੂੜੀਆਂ ਤੋਂ ਕਾਂਗਰਸ ਦੇ ਸੀਨੀਅਰ ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ‘ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ–2025’ ਸਬੰਧੀ ਬਣਾਈ ਗਈ 15 ਮੈਂਬਰੀ ਸਿਲੈਕਟ ਕਮੇਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਗਿਆ ਹੈ ਤੇ ਇਸ ਬਾਰੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ।
ਸਿਹਤ ਕਾਰਨ ਦਿੱਤਾ ਅਸਤੀਫ਼ਾ
ਤ੍ਰਿਪਤ ਬਾਜਵਾ ਨੇ ਦੱਸਿਆ ਕਿ ਹਾਲ ਹੀ ਵਿੱਚ ਉਨ੍ਹਾਂ ਦੇ ਗੋਡਿਆਂ ਦਾ ਓਪਰੇਸ਼ਨ ਹੋਇਆ ਸੀ ਅਤੇ ਡਾਕਟਰਾਂ ਨੇ ਤੁਰਨ–ਫਿਰਨ ਅਤੇ ਲੰਮੇ ਸਮੇਂ ਲਈ ਬੈਠਣ ਤੋਂ ਮਨਾਂ ਕੀਤਾ ਹੈ। ਇਸ ਕਰਕੇ ਉਹ ਮੀਟਿੰਗਾਂ ਜਾਂ ਕਮੇਟੀ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਨਹੀਂ ਲੈ ਸਕਦੇ। ਇਸੇ ਕਾਰਨ ਉਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਤੋਂ ਹੱਟਣ ਦਾ ਫੈਸਲਾ ਲਿਆ।
ਧਾਰਮਿਕ ਗ੍ਰੰਥਾਂ ਪ੍ਰਤੀ ਪੂਰਾ ਸਤਿਕਾਰ
ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਵਰਗੇ ਗੰਭੀਰ ਮਾਮਲੇ ਵਿੱਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਨਹੀਂ ਚਾਹੁੰਦੇ, ਇਸ ਲਈ ਨਿੱਜੀ ਅਸੁਵਿਧਾਵਾਂ ਦੇ ਬਾਵਜੂਦ ਅਸਤੀਫ਼ਾ ਦੇਣਾ ਉਨ੍ਹਾਂ ਲਈ ਠੀਕ ਕਦਮ ਸੀ।
ਸਿਲੈਕਟ ਕਮੇਟੀ ਬਾਰੇ ਜਾਣਕਾਰੀ
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਜੁਲਾਈ ਮਹੀਨੇ ਵਿੱਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਥਾਮ ਲਈ ਵਿਧਾਨ ਸਭਾ ਵਿੱਚ ਬਿੱਲ ਪੇਸ਼ ਕੀਤਾ ਸੀ। ਇਸ ਦੀ ਵਿਸਤ੍ਰਿਤ ਸਮੀਖਿਆ ਤੇ ਅਮਲੀ ਕਾਰਵਾਈ ਲਈ ਸਾਬਕਾ ਮੰਤਰੀ ਡਾ. ਇੰਦਰਬੀਰ ਨਿੱਝਰ ਦੀ ਅਗਵਾਈ ਹੇਠ 15 ਮੈਂਬਰੀ ਸਿਲੈਕਟ ਕਮੇਟੀ ਬਣਾਈ ਗਈ ਸੀ।

