ਅੰਮ੍ਰਿਤਸਰ :- ਪਾਕਿਸਤਾਨ ਨੇ ਇੱਕ ਵਾਰ ਫਿਰ ਆਪਣੇ ਤੰਗਦਿਲ ਰਵੱਈਏ ਦਾ ਪ੍ਰਦਰਸ਼ਨ ਕਰਦੇ ਹੋਏ ਭਾਰਤ ਦੇ ਹਿੰਦੂ ਸ਼ਰਧਾਲੂਆਂ ਨੂੰ ਸਿੱਖ ਜੱਥੇ ਦੇ ਨਾਲ ਪਾਕਿਸਤਾਨ ਜਾਣ ਤੋਂ ਰੋਕ ਦਿੱਤਾ ਹੈ। ਇਹ ਸਾਰੇ ਸ਼ਰਧਾਲੂ ਸਿੱਖ ਜਥੇ ਦੇ ਨਾਲ ਗੁਰੁਦੁਆਰਿਆਂ ਦੇ ਦਰਸ਼ਨ ਲਈ ਜਾਣ ਵਾਲੇ ਸਨ, ਪਰ ਪਾਕਿਸਤਾਨੀ ਅਧਿਕਾਰੀਆਂ ਨੇ ਵਾਹਗਾ ਬਾਰਡਰ ‘ਤੇ ਉਨ੍ਹਾਂ ਨੂੰ ਵਾਪਸ ਮੋੜ ਦਿੱਤਾ। ਜਾਣਕਾਰੀ ਮੁਤਾਬਕ ਕੁੱਲ 14 ਮੈਂਬਰਾਂ ਨੂੰ ਵਾਪਿਸ ਪਰਤਣਾ ਪਿਆ।
ਹਿੰਦੂ ਧਰਮ ਦੇ ਲੋਕਾਂ ਨੂੰ ਰੋਕਿਆ ਗਿਆ
ਜਾਣਕਾਰੀ ਮੁਤਾਬਕ, ਸਿੱਖ ਜਥੇ ਵਿੱਚ ਸ਼ਾਮਲ ਕੁਝ ਹਿੰਦੂ ਸ਼ਰਧਾਲੂਆਂ ਨੇ ਪਾਕਿਸਤਾਨ ਦੇ ਧਾਰਮਿਕ ਸਥਾਨਾਂ ਦਾ ਦਰਸ਼ਨ ਕਰਨ ਦੀ ਇਜਾਜ਼ਤ ਮੰਗੀ ਸੀ, ਪਰ ਉਨ੍ਹਾਂ ਨੂੰ ਐਂਟਰੀ ਤੋਂ ਇਨਕਾਰ ਕਰ ਦਿੱਤਾ ਗਿਆ। ਸਰੋਤਾਂ ਮੁਤਾਬਕ, ਪਾਕਿਸਤਾਨੀ ਅਧਿਕਾਰੀਆਂ ਨੇ ਕਿਹਾ ਕਿ ਇਹ ਯਾਤਰਾ ਕੇਵਲ ਸਿੱਖ ਧਰਮ ਨਾਲ ਸਬੰਧਤ ਲੋਕਾਂ ਲਈ ਹੈ।
ਸ਼ਰਧਾਲੂਆਂ ਨੇ ਜਤਾਇਆ ਰੋਸ, ਕਿਹਾ — ਧਰਮ ਦੇ ਆਧਾਰ ‘ਤੇ ਭੇਦਭਾਵ ਅਸਵੀਕਾਰਯੋਗ
ਵਾਹਗਾ ‘ਤੇ ਵਾਪਸ ਆਏ ਹਿੰਦੂ ਸ਼ਰਧਾਲੂਆਂ ਨੇ ਗੁੱਸਾ ਜਤਾਉਂਦੇ ਹੋਏ ਕਿਹਾ ਕਿ ਧਾਰਮਿਕ ਯਾਤਰਾ ਦਾ ਕੋਈ ਧਰਮ ਨਹੀਂ ਹੁੰਦਾ। ਉਨ੍ਹਾਂ ਦਾ ਕਹਿਣਾ ਹੈ ਕਿ ਜਿੱਥੇ ਸਿੱਖ ਧਰਮ ਸਮਾਨਤਾ ਦਾ ਸੰਦੇਸ਼ ਦਿੰਦਾ ਹੈ, ਉਥੇ ਪਾਕਿਸਤਾਨ ਸਰਕਾਰ ਧਰਮ ਦੇ ਨਾਂ ‘ਤੇ ਵੰਡ ਪੈਦਾ ਕਰ ਰਹੀ ਹੈ।
ਹਿੰਦੂ ਸ਼ਰਧਾਲੂ ਗੰਗਾ ਰਾਮ ਅਤੇ ਅਮਰ ਚੰਦ ਨੇ ਸਾਂਝੇ ਤੌਰ ‘ਤੇ ਕਿਹਾ ਕਿ ਪਾਕਿਸਤਾਨੀ ਇਮੀਗ੍ਰੇ਼ਸ਼ਨ ਤੇ ਰੇਂਜਰਸ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਨਾਲ ਬਹੁਤ ਬਦਸਲੂਕੀ ਕਰਦਿਆਂ ਇਸ ਕਰਕੇ ਵਾਪਸ ਕਰ ਦਿੱਤਾ ਕਿ ਤੁਸੀਂ ਹਿੰਦੂ ਹੋ ਤੇ ਸਿੱਖ ਜਥੇ ਵਿੱਚ ਸ਼ਾਮਿਲ ਹੋ ਕੇ ਕਿਉਂ ਜਾ ਰਹੇ ਹੋ ?

