ਚੰਡੀਗੜ੍ਹ :- ਪੰਜਾਬ ਵਿੱਚ ਸ਼ੁੱਕਰਵਾਰ ਤੇ ਸ਼ਨੀਵਾਰ ਦੀ ਰਾਤ ਪੁਲਿਸ ਵੱਲੋਂ ਵੱਡੀ ਪੱਧਰ ‘ਤੇ ਚੈਕਿੰਗ ਮੁਹਿੰਮ ਚਲਾਈ ਗਈ। ਰਾਤ 10 ਵਜੇ ਤੋਂ ਸਵੇਰੇ ਤੱਕ ਚੰਡੀਗੜ੍ਹ ਸਮੇਤ ਸੂਬੇ ਦੇ ਕਰੀਬ 12 ਥਾਵਾਂ ‘ਤੇ ਅਖ਼ਬਾਰ ਲੈ ਕੇ ਜਾ ਰਹੀਆਂ ਗੱਡੀਆਂ ਨੂੰ ਰੋਕ ਕੇ ਜਾਂਚ ਕੀਤੀ ਗਈ। ਇਸ ਕਾਰਵਾਈ ਕਾਰਨ ਕਈ ਸੈਂਟਰਾਂ ‘ਤੇ ਅਖ਼ਬਾਰ ਸਮੇਂ ਸਿਰ ਨਹੀਂ ਪਹੁੰਚ ਸਕੇ, ਜਿਸ ਨਾਲ ਵਿਤਰਕ ਤੇ ਪੜ੍ਹਨ ਵਾਲੇ ਦੋਵੇਂ ਹੀ ਪ੍ਰਭਾਵਿਤ ਹੋਏ।
ਪੁਲਿਸ ਨੂੰ ਮਿਲੀ ਸੀ ਹਥਿਆਰ ਤੇ ਨਸ਼ੇ ਦੀ ਸਪਲਾਈ ਬਾਰੇ ਜਾਣਕਾਰੀ
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਪੁਲਿਸ ਨੂੰ ਇਨਪੁੱਟ ਮਿਲੀ ਸੀ ਕਿ ਕੁਝ ਵਾਹਨਾਂ ਰਾਹੀਂ ਹਥਿਆਰ ਅਤੇ ਨਸ਼ੇ ਦੀ ਸਪਲਾਈ ਕੀਤੀ ਜਾ ਰਹੀ ਹੈ। ਇਸ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਨੇ ਸੂਬੇ ਭਰ ਵਿੱਚ ਚੈਕਿੰਗ ਸ਼ੁਰੂ ਕੀਤੀ। ਚੰਡੀਗੜ੍ਹ ਤੋਂ ਨਿਕਲਣ ਵਾਲੀਆਂ ਅਖ਼ਬਾਰ ਵਾਹਕ ਗੱਡੀਆਂ ਨੂੰ ਰੋਪੜ ਵਿੱਚ ਰੋਕ ਕੇ ਤਲਾਸ਼ੀ ਲਈ ਗਈ। ਹਾਲਾਂਕਿ, ਅਧਿਕਾਰਕ ਤੌਰ ‘ਤੇ ਪੁਲਿਸ ਵੱਲੋਂ ਇਸ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ।
ਲੁਧਿਆਣਾ ਵਿੱਚ ਵੀ ਤਲਾਸ਼ੀ ਮੁਹਿੰਮ, ਵਿਤਰਕਾਂ ਦੀਆਂ ਵਧੀਆਂ ਮੁਸ਼ਕਲਾਂ
ਐਤਵਾਰ ਸਵੇਰੇ ਲੁਧਿਆਣਾ ਸ਼ਹਿਰ ਵਿੱਚ ਵੀ ਪੁਲਿਸ ਵੱਲੋਂ ਅਚਾਨਕ ਤਲਾਸ਼ੀ ਮੁਹਿੰਮ ਚਲਾਈ ਗਈ। ਕਈ ਥਾਵਾਂ ‘ਤੇ ਵਾਹਨਾਂ ਨੂੰ ਰੋਕ ਕੇ ਜਾਂਚ ਕੀਤੀ ਗਈ। ਅਖ਼ਬਾਰ ਵਿਤਰਕਾਂ ਨੇ ਦੱਸਿਆ ਕਿ ਐਤਵਾਰ ਦਾ ਦਿਨ ਪਹਿਲਾਂ ਹੀ ਸਭ ਤੋਂ ਵਿਅਸਤ ਹੁੰਦਾ ਹੈ ਅਤੇ ਇਸ ਅਚਾਨਕ ਕਾਰਵਾਈ ਨਾਲ ਉਨ੍ਹਾਂ ਦੇ ਕੰਮ ‘ਚ ਵੱਡੀ ਰੁਕਾਵਟ ਆਈ। ਕਈ ਥਾਣਿਆਂ ਦੇ ਬਾਹਰ ਵੀ ਅਖ਼ਬਾਰ ਵਾਹਨਾਂ ਦੀ ਲੰਬੀ ਕਤਾਰ ਦੇਖੀ ਗਈ।
ਮੋਗਾ, ਫਰੀਦਕੋਟ ਤੇ ਮੁਕਤਸਰ ਵਿੱਚ ਵੀ ਨਹੀਂ ਪਹੁੰਚੇ ਅਖ਼ਬਾਰ
ਸੂਬੇ ਦੇ ਕਈ ਹਿੱਸਿਆਂ ਵਿੱਚ ਅੱਜ ਸਵੇਰੇ ਤੱਕ ਅਖ਼ਬਾਰ ਨਹੀਂ ਪਹੁੰਚੇ। ਮੋਗਾ, ਮੁਕਤਸਰ ਅਤੇ ਫਰੀਦਕੋਟ ਸਮੇਤ ਲਗਭਗ ਸਾਰੇ ਸ਼ਹਿਰਾਂ ਵਿੱਚ ਸਵੇਰੇ 4 ਵਜੇ ਤੱਕ ਆਉਣ ਵਾਲੀਆਂ ਗੱਡੀਆਂ 8:30 ਵਜੇ ਤੱਕ ਵੀ ਨਹੀਂ ਪਹੁੰਚ ਸਕੀਆਂ। ਇਸ ਕਾਰਨ ਕਈ ਅਖ਼ਬਾਰ ਘਰਾਂ ਵਿੱਚ ਵੰਡਣ ਵਿੱਚ ਦੇਰੀ ਹੋਈ ਹੈ।
ਸੀਨੀਅਰ ਅਧਿਕਾਰੀ ਚੁੱਪ, ਲੋਕਾਂ ਵਿੱਚ ਚਰਚਾ ਤੇ ਸਵਾਲ
ਪੁਲਿਸ ਵੱਲੋਂ ਅਧਿਕਾਰਕ ਤੌਰ ‘ਤੇ ਕੋਈ ਸਪੱਸ਼ਟੀਕਰਨ ਨਾ ਆਉਣ ਕਾਰਨ ਲੋਕਾਂ ਵਿੱਚ ਚਰਚਾ ਦਾ ਮਾਹੌਲ ਹੈ। ਕਈ ਵਿਤਰਕਾਂ ਦਾ ਕਹਿਣਾ ਹੈ ਕਿ ਜੇ ਸੁਰੱਖਿਆ ਕਾਰਣਾਂ ਕਰਕੇ ਚੈਕਿੰਗ ਕੀਤੀ ਗਈ ਹੈ ਤਾਂ ਉਸ ਬਾਰੇ ਖੁੱਲ੍ਹ ਕੇ ਜਾਣਕਾਰੀ ਦਿੱਤੀ ਜਾਵੇ, ਤਾਂ ਜੋ ਮੀਡੀਆ ਸੰਬੰਧੀ ਕੰਮ ਪ੍ਰਭਾਵਿਤ ਨਾ ਹੋਣ।

