ਨਵੀਂ ਦਿੱਲੀ :- ਪਾਕਿਸਤਾਨ ਦੀ ਸੁਪਰੀਮ ਕੋਰਟ ਵਿੱਚ ਸੋਮਵਾਰ ਸਵੇਰੇ ਅਚਾਨਕ ਹੋਏ ਧਮਾਕੇ ਕਾਰਨ ਮੌਕੇ ‘ਤੇ ਦਹਿਸ਼ਤ ਦਾ ਮਾਹੌਲ ਬਣ ਗਿਆ। ਜਾਣਕਾਰੀ ਮੁਤਾਬਕ, ਧਮਾਕਾ ਬੇਸਮੈਂਟ ਕੈਂਟੀਨ ਵਿੱਚ ਹੋਇਆ ਜਦੋਂ ਅਦਾਲਤ ਵਿੱਚ ਵੱਖ-ਵੱਖ ਮਾਮਲਿਆਂ ਦੀ ਸੁਣਵਾਈ ਚੱਲ ਰਹੀ ਸੀ। ਇਸ ਘਟਨਾ ਵਿੱਚ ਘੱਟੋ-ਘੱਟ 12 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਗੈਸ ਸਿਲੰਡਰ ਤੋਂ ਹੋਇਆ ਧਮਾਕਾ
ਪ੍ਰਾਰੰਭਿਕ ਜਾਂਚ ਅਨੁਸਾਰ, ਇਹ ਧਮਾਕਾ ਏਅਰ ਕੰਡੀਸ਼ਨਿੰਗ ਸਿਸਟਮ ਦੇ ਮੁਰੰਮਤ ਕੰਮ ਦੌਰਾਨ ਲੀਕ ਹੋਏ ਗੈਸ ਸਿਲੰਡਰ ਕਾਰਨ ਹੋਇਆ। ਧਮਾਕੇ ਨਾਲ ਇਮਾਰਤ ਕੰਬ ਗਈ ਅਤੇ ਮੌਕੇ ‘ਤੇ ਮੌਜੂਦ ਵਕੀਲਾਂ, ਕਰਮਚਾਰੀਆਂ ਤੇ ਦਰਸ਼ਕਾਂ ਵਿਚ ਘਬਰਾਹਟ ਫੈਲ ਗਈ। ਹਰ ਕੋਈ ਇਮਾਰਤ ਤੋਂ ਬਾਹਰ ਦੌੜ ਪਿਆ।
ਬਚਾਅ ਟੀਮਾਂ ਤੇ ਪੁਲਸ ਤੁਰੰਤ ਪਹੁੰਚੀ
ਧਮਾਕੇ ਦੀ ਸੂਚਨਾ ਮਿਲਦਿਆਂ ਹੀ ਰੈਸਕਿਊ ਟੀਮਾਂ ਤੇ ਪੁਲਸ ਨੇ ਇਲਾਕੇ ਨੂੰ ਘੇਰ ਲਿਆ। ਬੰਬ ਡਿਸਪੋਜ਼ਲ ਸਕਵਾਡ ਨੇ ਸੁਰੱਖਿਆ ਦੇ ਮੱਦੇਨਜ਼ਰ ਪੂਰੀ ਤਲਾਸ਼ੀ ਲਈ। ਜ਼ਖ਼ਮੀਆਂ ਨੂੰ ਤੁਰੰਤ ਨਜ਼ਦੀਕੀ ਹਸਪਤਾਲਾਂ ‘ਚ ਪਹੁੰਚਾਇਆ ਗਿਆ।
ਇਮਾਰਤ ਸੁਰੱਖਿਅਤ, ਪਰ ਸੁਣਵਾਈਆਂ ਰੋਕੀਆਂ ਗਈਆਂ
ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਮਾਰਤ ਨੂੰ ਕੋਈ ਵੱਡਾ ਢਾਂਚਾਗਤ ਨੁਕਸਾਨ ਨਹੀਂ ਹੋਇਆ। ਫਿਰ ਵੀ ਸੁਰੱਖਿਆ ਦੇ ਤੌਰ ‘ਤੇ ਕੋਰਟ ਦੀਆਂ ਸਾਰੀਆਂ ਸੁਣਵਾਈਆਂ ਅਸਥਾਈ ਤੌਰ ‘ਤੇ ਰੋਕ ਦਿੱਤੀਆਂ ਗਈਆਂ ਹਨ।
ਜਾਂਚ ਦੇ ਆਦੇਸ਼, ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ
ਸਰਕਾਰ ਵੱਲੋਂ ਇਸ ਘਟਨਾ ਦੀ ਵਿਸਥਾਰਪੂਰਵਕ ਜਾਂਚ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਮਾਮਲੇ ਨੇ ਦੇਸ਼ ਦੀ ਸਭ ਤੋਂ ਸੁਰੱਖਿਅਤ ਇਮਾਰਤਾਂ ‘ਚੋਂ ਇੱਕ ਸੁਪਰੀਮ ਕੋਰਟ ਦੇ ਅੰਦਰਲੇ ਸੁਰੱਖਿਆ ਪ੍ਰਬੰਧਾਂ ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਵੀਡੀਓ ਕਾਲ ਦੌਰਾਨ ਸੁਣਵਾਈਆਂ ਚੱਲ ਰਹੀਆਂ ਸਨ
ਧਮਾਕੇ ਦੇ ਸਮੇਂ ਕੁਝ ਕੇਸਾਂ ਦੀ ਸੁਣਵਾਈ ਵੀਡੀਓ ਕਾਲ ਰਾਹੀਂ ਹੋ ਰਹੀ ਸੀ। ਧਮਾਕੇ ਤੋਂ ਬਾਅਦ ਅਚਾਨਕ ਕਨੈਕਸ਼ਨ ਟੁੱਟ ਗਿਆ, ਜਿਸ ਨਾਲ ਨਿਆਂ ਪ੍ਰਕਿਰਿਆ ਕੁਝ ਸਮੇਂ ਲਈ ਰੁਕੀ ਰਹੀ।
ਚੌਕਾਣ ਵਾਲੀ ਗੱਲ ਇਹ ਹੈ ਕਿ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਅਦਾਲਤ ਵਿੱਚ ਕਈ ਮਹੱਤਵਪੂਰਨ ਮਾਮਲਿਆਂ ਦੀ ਸੁਣਵਾਈ ਚੱਲ ਰਹੀ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੂਰੀ ਜਾਂਚ ਤੋਂ ਬਾਅਦ ਹੀ ਸਹੀ ਕਾਰਣਾਂ ਦੀ ਪੁਸ਼ਟੀ ਹੋਵੇਗੀ।

