ਡੇਰਾਬੱਸੀ :- ਡੇਰਾਬੱਸੀ ਪੁਲਸ ਨੇ ਜਾਅਲੀ ਕਰੰਸੀ ਦੇ ਇੱਕ ਵੱਡੇ ਅੱਡੇ ‘ਤੇ ਤੋੜ ਪਾ ਕੇ ਅੰਤਰਰਾਜੀ ਗਿਰੋਹ ਨੂੰ ਬੇਨਕਾਬ ਕਰ ਦਿੱਤਾ ਹੈ। ਪੁਲਸ ਨੇ ਕਾਰਵਾਈ ਦੌਰਾਨ ਲਗਭਗ 9 ਕਰੋੜ 99 ਲੱਖ 5 ਹਜ਼ਾਰ ਰੁਪਏ ਦੀ ਡੁਪਲੀਕੇਟ ਤੇ ਬੰਦ ਕੀਤੀ ਗਈ ਕਰੰਸੀ ਬਰਾਮਦ ਕੀਤੀ ਹੈ, ਜਿਸ ਨੇ ਅਧਿਕਾਰੀਆਂ ਨੂੰ ਵੀ ਹੈਰਾਨ ਕਰ ਦਿੱਤਾ।
ਦੋ ਕੁਰੂਕਸ਼ੇਤਰ ਨਿਵਾਸੀ ਗਿਰਫ਼ਤਾਰ
ਐੱਸ.ਐੱਸ.ਪੀ. ਮੋਹਾਲੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਦੋ ਸ਼ੱਕੀਆਂ ਦੀ ਪਛਾਣ ਇਹ ਹੈ—
-
ਸਚਿਨ, ਵਾਸੀ ਭਾਰਤ ਨਗਰ, ਕੁਰੂਕਸ਼ੇਤਰ
-
ਗੁਰਦੀਪ, ਵਾਸੀ ਗੁਰਦੇਵ ਨਗਰ, ਕੁਰੂਕਸ਼ੇਤਰ
ਦੋਵੇਂ ਇੱਕ ਅੰਤਰਰਾਜੀ ਕਰੰਸੀ ਰੈਕਟ ਦਾ ਹਿੱਸਾ ਦੱਸੇ ਜਾਂਦੇ ਹਨ।
ਗੁਪਤ ਸੂਚਨਾ ’ਤੇ ਕੀਤੀ ਟਾਰਗੇਟਡ ਕਾਰਵਾਈ
ਪੁਲਸ ਨੂੰ ਜਾਅਲੀ ਕਰੰਸੀ ਚਲਾਉਣ ਵਾਲੇ ਰੈਕਟ ਬਾਰੇ ਵਿਸ਼ੇਸ਼ ਸੂਚਨਾ ਮਿਲੀ ਸੀ। ਇਸ ਤੋਂ ਬਾਅਦ
ਐੱਸ.ਪੀ. ਦਿਹਾਤੀ ਮਨਪ੍ਰੀਤ ਸਿੰਘ ਅਤੇ ਡੀ.ਐੱਸ.ਪੀ. ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਦੀ ਦੇਖਰੇਖ ਹੇਠ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ।
ਇਸ ਦੌਰਾਨ ਇੰਸਪੈਕਟਰ ਸੁਮਿਤ ਮੋਰ (ਐੱਸ.ਐੱਚ.ਓ. ਡੇਰਾਬੱਸੀ) ਅਤੇ ਇੰਸਪੈਕਟਰ ਮਲਕੀਤ ਸਿੰਘ (ਇੰਚਾਰਜ ਐਂਟੀ-ਨਾਰਕੋਟਿਕਸ ਸੈੱਲ) ਦੀ ਅਗਵਾਈ ਹੇਠ ਟੀਮਾਂ ਨੇ ਪੁਰਾਣਾ ਅੰਬਾਲਾ-ਕਾਲਕਾ ਰੋਡ ’ਤੇ ਘੱਗਰ ਪੁਲ ਨੇੜੇ ਨਾਕਾ ਲਗਾਇਆ।
ਸਕਾਰਪੀਓ ’ਚੋਂ ਮਿਲੀ ਨੋਟਾਂ ਦੀ ਭਰੀ ਹੋਈ ਥੈਲੀਆਂ
ਪੁਲਸ ਨੇ ਇੱਕ ਚਿੱਟੀ ਸਕਾਰਪੀਓ ਨੂੰ ਰੋਕ ਕੇ ਤਲਾਸ਼ੀ ਲਈ, ਜਿਸ ਵਿੱਚੋਂ ਬਰਾਮਦ ਹੋਇਆ:
-
11,05,000 ਰੁਪਏ ਦੀ ਅਸਲ ਬੰਦ ਕੀਤੀ ਗਈ ਕਰੰਸੀ
-
9 ਕਰੋੜ 88 ਲੱਖ ਰੁਪਏ ਦੇ ਜਾਅਲੀ ਨੋਟ
ਪ੍ਰਾਰੰਭਿਕ ਜਾਂਚ ਅਨੁਸਾਰ, ਇਹ ਗਿਰੋਹ ਹਰਿਆਣਾ ਤੋਂ ਚੱਲ ਕੇ ਪੰਜਾਬ ਵਿੱਚ ਡੁਪਲੀਕੇਟ ਕਰੰਸੀ ਦੀ ਸਪਲਾਈ ਕਰ ਰਿਹਾ ਸੀ।
ਪੁਲਸ ਵੱਲੋਂ ਹੋਰ ਗ੍ਰਿਫ਼ਤਾਰੀਆਂ ਦੀ ਸੰਭਾਵਨਾ
ਅਧਿਕਾਰੀਆਂ ਨੇ ਕਿਹਾ ਕਿ ਗਿਰੋਹ ਦੇ ਹੋਰ ਸਾਥੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਜਲਦੀ ਹੋਰ ਗ੍ਰਿਫ਼ਤਾਰੀਆਂ ਵੀ ਹੋ ਸਕਦੀਆਂ ਹਨ। ਮੋਹਾਲੀ ਪੁਲਸ ਇਸ ਕਾਰਵਾਈ ਨੂੰ ਜਾਅਲੀ ਕਰੰਸੀ ਦੇ ਖ਼ਿਲਾਫ਼ ਸਭ ਤੋਂ ਵੱਡੇ ਓਪਰੇਸ਼ਨਾਂ ਵਿੱਚੋਂ ਇੱਕ ਮੰਨ ਰਹੀ ਹੈ।

