ਨਵੀਂ ਦਿੱਲੀ :- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਵਿੱਚ ਕੇਂਦਰੀ ਬਜਟ ਪੇਸ਼ ਕਰਦਿਆਂ ਸਿੱਖਿਆ, ਸਿਹਤ ਅਤੇ ਨੌਜਵਾਨਾਂ ਦੇ ਭਵਿੱਖ ਨੂੰ ਕੇਂਦਰ ਵਿੱਚ ਰੱਖਦਿਆਂ ਕਈ ਅਹਿਮ ਐਲਾਨ ਕੀਤੇ ਹਨ। ਬਜਟ ਭਾਸ਼ਣ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਟੀਚਾ ਵਿਕਸਤ ਭਾਰਤ ਦੀ ਨੀਂਹ ਮਜ਼ਬੂਤ ਕਰਨਾ ਹੈ, ਜਿਸ ਲਈ ਮਨੁੱਖੀ ਸਰੋਤਾਂ ‘ਚ ਨਿਵੇਸ਼ ਸਭ ਤੋਂ ਅਹਿਮ ਹੈ।
ਹਰ ਜ਼ਿਲ੍ਹੇ ਵਿੱਚ ਕੁੜੀਆਂ ਲਈ ਹੋਸਟਲ ਬਣਾਉਣ ਦੀ ਯੋਜਨਾ
ਵਿੱਤ ਮੰਤਰੀ ਨੇ ਕੁੜੀਆਂ ਦੀ ਪੜ੍ਹਾਈ ਨੂੰ ਉਤਸ਼ਾਹਿਤ ਕਰਨ ਲਈ ਵੱਡਾ ਐਲਾਨ ਕਰਦਿਆਂ ਕਿਹਾ ਕਿ ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਕੁੜੀਆਂ ਲਈ ਹੋਸਟਲ ਸਥਾਪਿਤ ਕੀਤੇ ਜਾਣਗੇ। ਇਸ ਨਾਲ ਪਿੰਡਾਂ ਅਤੇ ਦੂਰ-ਦਰਾਜ਼ ਖੇਤਰਾਂ ਦੀਆਂ ਵਿਦਿਆਰਥਣਾਂ ਨੂੰ ਉੱਚ ਸਿੱਖਿਆ ਹਾਸਲ ਕਰਨ ਵਿੱਚ ਵੱਡੀ ਸਹੂਲਤ ਮਿਲੇਗੀ।
ਨੌਜਵਾਨਾਂ ‘ਤੇ ਕੇਂਦ੍ਰਿਤ ਬਜਟ, ਬੈਂਕਿੰਗ ਸੁਧਾਰਾਂ ਲਈ ਉੱਚ-ਪੱਧਰੀ ਕਮੇਟੀ
ਬਜਟ ਵਿੱਚ ਨੌਜਵਾਨਾਂ ਨੂੰ ਕੇਂਦਰ ਬਣਾਉਂਦਿਆਂ ਸਰਕਾਰ ਨੇ ‘ਵਿਕਸਤ ਭਾਰਤ’ ਦੇ ਟੀਚੇ ਨੂੰ ਧਿਆਨ ਵਿੱਚ ਰੱਖਦਿਆਂ ਬੈਂਕਿੰਗ ਖੇਤਰ ਲਈ ਇੱਕ ਉੱਚ-ਪੱਧਰੀ ਕਮੇਟੀ ਬਣਾਉਣ ਦਾ ਪ੍ਰਸਤਾਵ ਰੱਖਿਆ ਹੈ। ਇਸ ਕਮੇਟੀ ਦਾ ਉਦੇਸ਼ ਆਰਥਿਕ ਪ੍ਰਣਾਲੀ ਨੂੰ ਹੋਰ ਮਜ਼ਬੂਤ ਅਤੇ ਸਮਾਵੇਸ਼ੀ ਬਣਾਉਣਾ ਹੋਵੇਗਾ।
ਦੇਸ਼ ਨੂੰ ਮਿਲਣਗੇ ਤਿੰਨ ਨਵੇਂ ਆਯੁਰਵੇਦ ਏਮਜ਼
ਸਿਹਤ ਖੇਤਰ ਵਿੱਚ ਵੀ ਬਜਟ ਨੇ ਵੱਡੀ ਸੌਗਾਤ ਦਿੱਤੀ ਹੈ। ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਦੇਸ਼ ਵਿੱਚ ਤਿੰਨ ਨਵੇਂ ਆਯੁਰਵੇਦ ਏਮਜ਼ ਸਥਾਪਿਤ ਕੀਤੇ ਜਾਣਗੇ, ਜਿਸ ਨਾਲ ਪਰੰਪਰਾਗਤ ਭਾਰਤੀ ਚਿਕਿਤਸਾ ਪ੍ਰਣਾਲੀ ਨੂੰ ਮਜ਼ਬੂਤੀ ਮਿਲੇਗੀ। ਇਸਦੇ ਨਾਲ ਹੀ ਪੰਜ ਖੇਤਰੀ ਮੈਡੀਕਲ ਸੈਂਟਰ ਵੀ ਖੋਲੇ ਜਾਣਗੇ, ਜੋ ਸਿਹਤ ਸਹੂਲਤਾਂ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਉਣਗੇ।
ਸਿੱਖਿਆ ਤੋਂ ਰੁਜ਼ਗਾਰ ਤੱਕ ਜੋੜਨ ਲਈ ਸਥਾਈ ਕਮੇਟੀ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ‘ਸਿੱਖਿਆ ਤੋਂ ਰੁਜ਼ਗਾਰ ਅਤੇ ਉੱਦਮ’ ਦੇ ਵਿਸ਼ੇ ‘ਤੇ ਇੱਕ ਉੱਚ-ਪੱਧਰੀ ਸਥਾਈ ਕਮੇਟੀ ਬਣਾਈ ਜਾਵੇਗੀ। ਇਹ ਕਮੇਟੀ ਸੇਵਾਵਾਂ ਖੇਤਰ ਨੂੰ ਕੇਂਦਰ ਬਣਾਉਂਦਿਆਂ ਅਜਿਹੇ ਉਪਾਵ ਸੁਝਾਏਗੀ, ਜੋ ਭਾਰਤ ਨੂੰ 2047 ਤੱਕ ਗਲੋਬਲ ਸੇਵਾਵਾਂ ਖੇਤਰ ਵਿੱਚ ਅਗੇਤਰ ਸਥਾਨ ‘ਤੇ ਲੈ ਜਾਣ ਵਿੱਚ ਸਹਾਇਕ ਸਾਬਤ ਹੋਣ।

