ਚੰਡੀਗੜ੍ਹ :- ਮੰਗਲਵਾਰ ਨੂੰ ਮਦਰ ਡੇਅਰੀ ਨੇ ਆਪਣੇ ਸਾਰੇ ਡੇਅਰੀ ਅਤੇ ਫੂਡ ਉਤਪਾਦਾਂ ‘ਤੇ ਵੱਡੀ ਕਟੌਤੀ ਕਰਨ ਦਾ ਐਲਾਨ ਕੀਤਾ। ਇਹ ਫੈਸਲਾ ਸਰਕਾਰ ਵੱਲੋਂ ਕੀਤੇ ਗਏ ਜੀਐਸਟੀ ਸੁਧਾਰਾਂ ਦੇ ਤਹਿਤ ਕੀਤਾ ਗਿਆ ਹੈ। ਹੁਣ ਕੰਪਨੀ ਦੇ ਜ਼ਿਆਦਾਤਰ ਉਤਪਾਦ ਜਾਂ ਤਾਂ ਸਿਫ਼ਰ ਟੈਕਸ ਸ਼੍ਰੇਣੀ ‘ਚ ਆਉਂਦੇ ਹਨ ਜਾਂ 5 ਪ੍ਰਤੀਸ਼ਤ ਵਾਲੇ ਸਭ ਤੋਂ ਘੱਟ ਸਲੈਬ ਵਿੱਚ।
ਪਨੀਰ, ਮੱਖਣ, ਪਨੀਰ, ਘਿਉ ਤੇ ਆਈਸਕ੍ਰੀਮ ਹੋਏ ਸਸਤੇ
ਮਦਰ ਡੇਅਰੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਰੋਜ਼ਾਨਾ ਵਰਤੇ ਜਾਣ ਵਾਲੇ ਉਤਪਾਦ ਜਿਵੇਂ ਪਨੀਰ, ਮੱਖਣ, ਚੀਜ਼, ਘਿਉ, ਮਿਲਕਸ਼ੇਕ ਅਤੇ ਆਈਸਕ੍ਰੀਮਾਂ ਦੇ ਭਾਅ ਹੁਣ ਘਟੇ ਹਨ। ਉਦਾਹਰਣ ਵਜੋਂ, 500 ਗ੍ਰਾਮ ਮੱਖਣ ਦੀ ਕੀਮਤ 305 ਰੁਪਏ ਤੋਂ ਘਟ ਕੇ ਹੁਣ 285 ਰੁਪਏ ਹੋ ਗਈ ਹੈ। ਇਸੇ ਤਰ੍ਹਾਂ ਬਟਰਸਕੌਚ ਕੋਨ ਆਈਸਕ੍ਰੀਮ ਹੁਣ 35 ਰੁਪਏ ਦੀ ਥਾਂ 30 ਰੁਪਏ ‘ਚ ਮਿਲੇਗੀ।
ਰੋਜ਼ਾਨਾ ਵਾਲੇ ਦੁੱਧ ਦੇ ਪੈਕ ‘ਤੇ ਕੋਈ ਅਸਰ ਨਹੀਂ
ਕੰਪਨੀ ਨੇ ਸਪਸ਼ਟ ਕੀਤਾ ਕਿ ਪੌਲੀ ਪੈਕ ਦੁੱਧ (ਫੁੱਲ ਕ੍ਰੀਮ, ਟੋਨਡ ਮਿਲਕ, ਗਾਂ ਦਾ ਦੁੱਧ ਆਦਿ) ‘ਤੇ ਪਹਿਲਾਂ ਤੋਂ ਹੀ ਜੀਐਸਟੀ ਨਹੀਂ ਸੀ ਲੱਗਦਾ, ਇਸ ਲਈ ਇਸਦੀ ਕੀਮਤ ‘ਚ ਕੋਈ ਬਦਲਾਅ ਨਹੀਂ ਹੋਇਆ। ਪਰ, ਯੂਐਚਟੀ ਮਿਲਕ ਦੇ ਭਾਅ ਘਟੇ ਹਨ। ਇੱਕ ਲੀਟਰ ਟੋਨਡ ਟੇਟਰਾ ਪੈਕ ਹੁਣ 77 ਰੁਪਏ ਦੀ ਥਾਂ 75 ਰੁਪਏ ‘ਚ ਮਿਲੇਗਾ।
ਗਾਹਕਾਂ ਨੂੰ ਪੂਰਾ ਫਾਇਦਾ ਪਹੁੰਚਾਉਣ ਦਾ ਦਾਅਵਾ
ਮਦਰ ਡੇਅਰੀ ਦੇ ਮੈਨੇਜਿੰਗ ਡਾਇਰੈਕਟਰ ਮਨੀਸ਼ ਬੰਦਲਿਸ਼ ਨੇ ਕਿਹਾ ਕਿ, “ਇੱਕ ਗਾਹਕ-ਕੇਂਦ੍ਰਿਤ ਸੰਸਥਾ ਹੋਣ ਦੇ ਨਾਤੇ ਅਸੀਂ ਟੈਕਸ ਸੁਧਾਰਾਂ ਦਾ ਪੂਰਾ ਲਾਭ ਆਪਣੇ ਗਾਹਕਾਂ ਤੱਕ ਪਹੁੰਚਾ ਰਹੇ ਹਾਂ।”
ਕੀ ਹੋਰ ਕੰਪਨੀਆਂ ਵੀ ਚੁੱਕਣ ਗੀਆਂ ਇਹੋ ਜਿਹਾ ਕਦਮ?
ਮਦਰ ਡੇਅਰੀ ਵੱਲੋਂ ਕੀਤੇ ਇਸ ਵੱਡੇ ਫ਼ੈਸਲੇ ਤੋਂ ਬਾਅਦ ਹੁਣ ਇਹ ਦੇਖਣਾ ਰੁਚਿਕਰ ਹੋਵੇਗਾ ਕਿ ਹੋਰ ਵੱਡੀਆਂ ਐਫਐਮਸੀਜੀ ਕੰਪਨੀਆਂ ਵੀ ਕੀ ਆਪਣੇ ਉਤਪਾਦਾਂ ਦੀਆਂ ਕੀਮਤਾਂ ‘ਚ ਕਟੌਤੀ ਕਰਦੀਆਂ ਹਨ ਜਾਂ ਨਹੀਂ।