ਸ੍ਰੀ ਮੁਕਤਸਰ ਸਾਹਿਬ :- ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਸੋਮਵਾਰ ਨੂੰ ਸ੍ਰੀ ਮੁਕਤਸਰ ਸਾਹਿਬ ਪਹੁੰਚੇ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਸਪਸ਼ਟ ਕੀਤਾ ਕਿ ਕਾਂਗਰਸ ਪਾਰਟੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਹੁਕਮਨਾਮੇ ਦਾ ਪੂਰਾ ਸਤਿਕਾਰ ਕਰਦੀ ਹੈ। ਇਸੇ ਕਾਰਣ ਮਾਘੀ ਦੇ ਪਵਿੱਤਰ ਮੌਕੇ ’ਤੇ ਕਾਂਗਰਸ ਵੱਲੋਂ ਕੋਈ ਵੀ ਸਿਆਸੀ ਕਾਨਫਰੰਸ ਜਾਂ ਪ੍ਰੋਗਰਾਮ ਨਹੀਂ ਕੀਤਾ ਜਾ ਰਿਹਾ।
2027 ਦੀ ਤਿਆਰੀ ਬਿਨਾਂ ਮੁੱਖ ਮੰਤਰੀ ਦੇ ਚਿਹਰੇ ਦੇ
ਭੁਪੇਸ਼ ਬਘੇਲ ਨੇ ਦੱਸਿਆ ਕਿ ਕਾਂਗਰਸ ਆਉਣ ਵਾਲੀਆਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਵੀ ਮੁੱਖ ਮੰਤਰੀ ਦੇ ਚਿਹਰੇ ਨੂੰ ਅੱਗੇ ਰੱਖੇ ਬਿਨਾਂ ਮੈਦਾਨ ਵਿੱਚ ਉਤਰੇਗੀ। ਉਨ੍ਹਾਂ ਕਿਹਾ ਕਿ ਪਾਰਟੀ ਸੰਗਠਨ ਅਤੇ ਨੀਤੀਆਂ ਦੇ ਆਧਾਰ ’ਤੇ ਲੋਕਾਂ ਦਾ ਭਰੋਸਾ ਜਿੱਤਣ ਦੀ ਕੋਸ਼ਿਸ਼ ਕਰੇਗੀ।
2022 ਦੀ ਹਾਰ ਮੰਨੀ, ਗਲਤੀਆਂ ਤੋਂ ਸਿੱਖਣ ਦਾ ਦਾਅਵਾ
ਬਘੇਲ ਨੇ ਮੰਨਿਆ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਤੋਂ ਕਈ ਗਲਤੀਆਂ ਹੋਈਆਂ, ਜਿਸਦਾ ਨੁਕਸਾਨ ਪਾਰਟੀ ਨੂੰ ਚੋਣੀ ਨਤੀਜਿਆਂ ਰੂਪ ਵਿੱਚ ਝੱਲਣਾ ਪਿਆ। ਉਨ੍ਹਾਂ ਕਿਹਾ ਕਿ ਉਸ ਸਮੇਂ ਲੋਕਾਂ ਨੇ ਪਾਰਟੀ ਦਾ ਸਾਥ ਨਹੀਂ ਦਿੱਤਾ, ਪਰ ਹੁਣ ਕਾਂਗਰਸ ਨੇ ਆਪਣੇ ਅੰਦਰੂਨੀ ਮੁਲਾਂਕਣ ਰਾਹੀਂ ਉਹਨਾਂ ਗਲਤੀਆਂ ਤੋਂ ਸਿੱਖ ਲੈ ਲਈ ਹੈ।
ਲੋਕ ਸਭਾ ਚੋਣਾਂ ਨੂੰ ਭਰੋਸੇ ਦੀ ਨਿਸ਼ਾਨੀ ਦੱਸਿਆ
ਕਾਂਗਰਸ ਇੰਚਾਰਜ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਵੱਲੋਂ ਮਿਲਿਆ ਸਮਰਥਨ ਇਸ ਗੱਲ ਦਾ ਪ੍ਰਮਾਣ ਹੈ ਕਿ ਪਾਰਟੀ ਨਾਲ ਲੋਕਾਂ ਦਾ ਨਾਤਾ ਅਜੇ ਵੀ ਬਣਿਆ ਹੋਇਆ ਹੈ। ਉਨ੍ਹਾਂ ਅਨੁਸਾਰ, ਇਹ ਸਮਰਥਨ ਕਾਂਗਰਸ ਲਈ ਆਉਣ ਵਾਲੇ ਸਮੇਂ ਵਿੱਚ ਨਵੀਂ ਤਾਕਤ ਸਾਬਤ ਹੋਵੇਗਾ।
ਪੰਜਾਬੀ ਮੁੱਦੇ ਪਹਿਲ ’ਤੇ ਰਹਿਣਗੇ
ਭੁਪੇਸ਼ ਬਘੇਲ ਨੇ ਦਾਅਵਾ ਕੀਤਾ ਕਿ ਕਾਂਗਰਸ ਪੰਜਾਬ ਨਾਲ ਜੁੜੇ ਮੁੱਖ ਮੁੱਦਿਆਂ ਨੂੰ ਲਗਾਤਾਰ ਉੱਭਾਰਦੀ ਰਹੇਗੀ। ਪਾਰਟੀ ਦਾ ਧਿਆਨ ਲੋਕਾਂ ਦੀਆਂ ਸਮੱਸਿਆਵਾਂ, ਕਿਸਾਨਾਂ, ਨੌਜਵਾਨਾਂ ਅਤੇ ਰੁਜ਼ਗਾਰ ਨਾਲ ਸੰਬੰਧਤ ਮਸਲਿਆਂ ’ਤੇ ਕੇਂਦਰਿਤ ਰਹੇਗਾ ਅਤੇ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਣ ਲਈ ਪੂਰੀ ਗੰਭੀਰਤਾ ਨਾਲ ਕੰਮ ਕੀਤਾ ਜਾਵੇਗਾ।

