ਲੁਧਿਆਣਾ :- ਲੁਧਿਆਣਾ ਦੇ ਥਾਣਾ ਸਦਰ ਅਧੀਨ ਆਉਂਦੇ ਇਲਾਕੇ ਵਿੱਚ ਇੱਕ ਗੰਭੀਰ ਬੈਂਕ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਬੈਂਕਿੰਗ ਪ੍ਰਣਾਲੀ ਅਤੇ ਪੁਲਿਸ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਮਸ਼ਹੂਰ ਪੰਜਾਬੀ ਗਾਇਕਾ ਅਨੀਤਾ ਰਾਣੀ ਉਰਫ਼ ਨੀਤੂ ਵਿਰਕ ਦਾ ਦੋਸ਼ ਹੈ ਕਿ ਉਸਦੀ ਸਾਲਾਂ ਦੀ ਮਿਹਨਤ ਨਾਲ ਜੋੜੀ ਗਈ ਬੱਚਤ ਬੈਂਕ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੜਪ ਲਈ ਗਈ ਹੈ।
ਦੋ ਐਫਡੀ, ਲਗਭਗ ਸਵਾ ਨੌ ਲੱਖ ਰੁਪਏ ਦਾ ਗਬਨ ਹੋਣ ਦਾ ਦਾਅਵਾ
ਨੀਤੂ ਵਿਰਕ ਮੁਤਾਬਕ ਉਸਨੇ ਅਕਤੂਬਰ 2022 ਅਤੇ ਮਈ 2023 ਦੌਰਾਨ ਐਚਡੀਐਫਸੀ ਬੈਂਕ ਦੀ ਪਿੰਡ ਗਿੱਲ ਸਥਿਤ ਸ਼ਾਖਾ ਵਿੱਚ ਨਕਦ ਅਤੇ ਫਿਕਸਡ ਡਿਪਾਜ਼ਿਟ ਰਾਹੀਂ ਕੁੱਲ ਕਰੀਬ 9.50 ਲੱਖ ਰੁਪਏ ਜਮ੍ਹਾਂ ਕਰਵਾਏ ਸਨ। ਦੋ ਐਫਡੀ ਬਣਵਾਈਆਂ ਗਈਆਂ ਪਰ ਜਦੋਂ ਪੈਸਿਆਂ ਦੀ ਲੋੜ ਪੈਣ ’ਤੇ ਉਹ ਬੈਂਕ ਪਹੁੰਚੀ, ਤਾਂ ਉਸਨੂੰ ਹੈਰਾਨੀਜਨਕ ਤੌਰ ’ਤੇ ਕਿਹਾ ਗਿਆ ਕਿ ਰਕਮ ਪਹਿਲਾਂ ਹੀ ਕੱਢੀ ਜਾ ਚੁੱਕੀ ਹੈ।
ਖਾਤਾ ਬਲਾਕ ਹੋਇਆ, ਫਿਰ ਪੁਲਿਸ ਕੋਲ ਪੁਕਾਰ
ਪੀੜਤਾ ਦਾ ਕਹਿਣਾ ਹੈ ਕਿ ਮਾਮਲਾ ਇੱਥੇ ਹੀ ਨਹੀਂ ਰੁਕਿਆ, ਬਲਕਿ ਬੈਂਕ ਵੱਲੋਂ ਉਸਦਾ ਬਚਤ ਖਾਤਾ ਵੀ ਅਚਾਨਕ ਬਲਾਕ ਕਰ ਦਿੱਤਾ ਗਿਆ। ਇਸ ਤੋਂ ਬਾਅਦ ਮਜਬੂਰ ਹੋ ਕੇ ਉਸਨੇ ਪੁਲਿਸ ਕਮਿਸ਼ਨਰ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ।
ਜਾਂਚ ਵਿੱਚ ਬੈਂਕ ਦਾ ਦਾਅਵਾ ਕਮਜ਼ੋਰ, ਰਿਕਾਰਡ ਪੇਸ਼ ਨਾ ਹੋਇਆ
ਵਧੀਕ ਡਿਪਟੀ ਕਮਿਸ਼ਨਰ ਰਮਨਦੀਪ ਸਿੰਘ ਭੁੱਲਰ ਵੱਲੋਂ ਕੀਤੀ ਗਈ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਬੈਂਕ ਨੇ ਐਫਡੀ ਕੱਟਣ ਨੂੰ ਕ੍ਰੈਡਿਟ ਕਾਰਡ ਬਿੱਲ ਬਕਾਇਆ ਨਾਲ ਜੋੜਿਆ, ਪਰ ਇਸ ਸਬੰਧੀ ਪੂਰਾ ਅਤੇ ਢੁੱਕਵਾਂ ਰਿਕਾਰਡ ਪੇਸ਼ ਕਰਨ ਵਿੱਚ ਨਾਕਾਮ ਰਿਹਾ। ਨੀਤੂ ਵਿਰਕ ਦਾ ਦਾਅਵਾ ਹੈ ਕਿ ਉਸਨੇ ਕਦੇ ਵੀ ਨੈੱਟ ਬੈਂਕਿੰਗ ਜਾਂ ਡਿਜ਼ਿਟਲ ਭੁਗਤਾਨ ਐਪਸ ਦੀ ਵਰਤੋਂ ਨਹੀਂ ਕੀਤੀ, ਫਿਰ ਵੀ ਉਸਦੀ ਬੈਂਕ ਪ੍ਰੋਫਾਈਲ ਨਾਲ ਛੇੜਛਾੜ ਹੋਈ।
ਜਾਂਚ ਅਧਿਕਾਰੀ ਵੀ ਮੰਨਿਆ ਸ਼ੱਕੀ ਵਿਵਹਾਰ
ਜਾਂਚ ਰਿਪੋਰਟ ਵਿੱਚ ਬੈਂਕ ਅਧਿਕਾਰੀਆਂ ਦੇ ਵਿਵਹਾਰ ਨੂੰ ਸ਼ੱਕੀ ਕਰਾਰ ਦਿੰਦਿਆਂ ਇਸਨੂੰ ਵਿਸ਼ਵਾਸਘਾਤ ਅਤੇ ਧੋਖਾਧੜੀ ਦਾ ਮਾਮਲਾ ਦੱਸਿਆ ਗਿਆ ਹੈ। ਇਸ ਦਰਮਿਆਨ ਨੀਤੂ ਵਿਰਕ ਵੱਲੋਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਵੀਡੀਓਜ਼ ਵੀ ਚਰਚਾ ਦਾ ਵਿਸ਼ਾ ਬਣੀਆਂ, ਜਿਨ੍ਹਾਂ ਵਿੱਚ ਉਹ ਬੈਂਕ ਅੰਦਰ ਅਧਿਕਾਰੀਆਂ ਨਾਲ ਤਿੱਖੀ ਗੱਲਬਾਤ ਕਰਦੀ ਨਜ਼ਰ ਆ ਰਹੀ ਹੈ।
ਐਫਆਈਆਰ ਦਰਜ, ਪਰ ਇਨਸਾਫ਼ ਅਜੇ ਵੀ ਦੂਰ
ਪੀੜਤਾ ਮੁਤਾਬਕ ਪੁਲਿਸ ਨੇ ਧਾਰਾ 406, 408, 420 ਅਤੇ 120-ਬੀ ਤਹਿਤ ਮਾਮਲਾ ਦਰਜ ਕੀਤਾ ਸੀ, ਪਰ ਲੰਮਾ ਸਮਾਂ ਬੀਤਣ ਦੇ ਬਾਵਜੂਦ ਕਾਰਵਾਈ ਸਵਾਲਾਂ ਦੇ ਘੇਰੇ ’ਚ ਹੈ। ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਦੋਸ਼ੀਆਂ ਨੂੰ ਦਸੰਬਰ 2025 ਵਿੱਚ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਗਈ ਸੀ ਅਤੇ ਮਾਮਲਾ ਹਾਲੇ ਜਾਂਚ ਅਧੀਨ ਹੈ।
ਆਰਬੀਆਈ ਤੱਕ ਪੁੱਜੀ ਗੂੰਜ, ਪਰ ਪੀੜਤਾ ਅਜੇ ਵੀ ਉਡੀਕ ’ਚ
ਨੀਤੂ ਵਿਰਕ ਨੇ ਦੱਸਿਆ ਕਿ ਉਸਨੇ ਆਰਬੀਆਈ ਕੋਲ ਵੀ ਸ਼ਿਕਾਇਤ ਕੀਤੀ ਹੈ, ਪਰ ਪ੍ਰਣਾਲੀ ਦੀ ਸੁਸਤੀ ਉਸਦੀ ਬੱਚਤ ’ਤੇ ਭਾਰੀ ਪੈ ਰਹੀ ਹੈ। ਪੀੜਤਾ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸਦਾ ਬਲਾਕ ਕੀਤਾ ਖਾਤਾ ਤੁਰੰਤ ਬਹਾਲ ਕਰਕੇ ਰਕਮ ਵਾਪਸ ਕਰਵਾਈ ਜਾਵੇ।
ਇਹ ਮਾਮਲਾ ਇਸ ਵੇਲੇ ਵੀ ਅਣਸੁਲਝਿਆ ਦਿੱਸ ਰਿਹਾ ਹੈ, ਜਿਸ ਨਾਲ ਨਿਆਂ ਪ੍ਰਣਾਲੀ ਅਤੇ ਬੈਂਕਿੰਗ ਨਿਗਰਾਨੀ ’ਤੇ ਗੰਭੀਰ ਸਵਾਲ ਉੱਠ ਰਹੇ ਹਨ।

