ਅੰਮ੍ਰਿਤਸਰ :- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਵਿਖੇ ਹੋ ਰਹੀ ਇੱਕ ਗੰਭੀਰ ਗਲਤ ਪ੍ਰਥਾ ’ਤੇ ਸਖ਼ਤ ਇਤਰਾਜ਼ ਜ਼ਾਹਰ ਕੀਤਾ ਹੈ। ਜਥੇਦਾਰ ਨੇ ਕਿਹਾ ਕਿ ‘ਸੇਵਕ ਜਥਾ ਇਸ਼ਨਾਨ’ ਦੇ ਨਾਂ ਹੇਠ ‘ਖਜ਼ਾਨਾ ਬਾਬਾ ਦੀਪ ਸਿੰਘ ਜੀ’ ਦੀ ਮੋਹਰ ਲਾ ਕੇ ਨੋਟ ਵੰਡਣਾ ਸਿੱਧੇ ਤੌਰ ’ਤੇ ਮਨਮਤ ਹੈ ਅਤੇ ਗੁਰਮਤਿ ਦੇ ਅਸੂਲਾਂ ਦੇ ਉਲਟ ਹੈ।
ਬਾਹਰੀ ਵਿਅਕਤੀਆਂ ਵੱਲੋਂ ਗੁਰਦੁਆਰੇ ਅੰਦਰ ਭ੍ਰਮ ਫੈਲਾਉਣ ਦੀ ਕੋਸ਼ਿਸ਼
ਜਾਣਕਾਰੀ ਅਨੁਸਾਰ ਕੁਝ ਬਾਹਰੀ ਲੋਕ ਐੱਸਜੀਪੀਸੀ ਪ੍ਰਬੰਧ ਹੇਠ ਆਉਂਦੇ ਇਸ ਸ਼ਹੀਦੀ ਅਸਥਾਨ ’ਤੇ ਮੋਹਰ ਲੱਗੇ ਨੋਟ ਵੰਡ ਕੇ ਸ਼ਰਧਾਲੂਆਂ ਨੂੰ ਗੁਮਰਾਹ ਕਰ ਰਹੇ ਸਨ। ਮਾਮਲਾ ਜਦੋਂ ਗੁਰਦੁਆਰਾ ਪ੍ਰਬੰਧਕਾਂ ਦੇ ਧਿਆਨ ਵਿੱਚ ਆਇਆ ਤਾਂ ਤੁਰੰਤ ਕਾਰਵਾਈ ਕਰਦਿਆਂ ਨੋਟ ਜ਼ਬਤ ਕੀਤੇ ਗਏ ਅਤੇ ਸੰਬੰਧਿਤ ਲੋਕਾਂ ਦੀ ਪਛਾਣ ਕੀਤੀ ਗਈ।
ਪੂਰਾ ਕੇਸ ਤਿਆਰ ਕਰ ਕੇ ਭੇਜਣ ਦੇ ਹੁਕਮ
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਮੈਨੇਜਰ ਜਤਿੰਦਰਪਾਲ ਸਿੰਘ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਨੋਟ ਵੰਡਣ ਵਾਲੇ ਵਿਅਕਤੀਆਂ ਦੀ ਪੂਰੀ ਜਾਣਕਾਰੀ ਇਕੱਠੀ ਕਰ ਕੇ ਲਿਖਤੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜੀ ਜਾਵੇ। ਉਨ੍ਹਾਂ ਇਸ਼ਾਰਾ ਕੀਤਾ ਕਿ ਮਨਮਤ ਫੈਲਾਉਣ ਵਾਲਿਆਂ ਖ਼ਿਲਾਫ਼ ਜਲਦ ਕਾਰਵਾਈ ਕੀਤੀ ਜਾਵੇਗੀ।
ਲਛਮਣਸਰ ਚੌਕ ਤੋਂ ਸ਼ੁਰੂ ਹੋਈ ਗਲਤ ਰੀਤ
ਗੁਰਦੁਆਰਾ ਮੈਨੇਜਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਲਛਮਣਸਰ ਚੌਕ ਨੇੜੇ ਬਾਬਾ ਦੀਪ ਸਿੰਘ ਜੀ ਦੇ ਨਾਂ ’ਤੇ ਇੱਕ ਹੋਰ ਛੋਟੇ ਸਥਾਨ ’ਤੇ ਪਹਿਲਾਂ ਇਹ ਨੋਟ ਵੰਡੇ ਜਾਂਦੇ ਸਨ, ਜੋ ਹੁਣ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵੱਲ ਵੀ ਫੈਲਣ ਲੱਗ ਪਏ।
ਗ੍ਰੰਥੀ ਸਿੰਘ ਵੱਲੋਂ ਵੀ ਸਪੱਸ਼ਟੀਕਰਨ
ਇਸ ਮਾਮਲੇ ’ਚ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਗ੍ਰੰਥੀ ਸਿੰਘ ਗਿਆਨੀ ਦਇਆ ਸਿੰਘ ਨੇ ਪਹਿਲਾਂ ਹੀ ਸਾਫ਼ ਕੀਤਾ ਸੀ ਕਿ ਗੁਰੂ ਘਰ ਵੱਲੋਂ ਕਿਸੇ ਵੀ ਤਰ੍ਹਾਂ ਦਾ ਨੋਟਾਂ ਦਾ ‘ਖਜ਼ਾਨਾ’ ਨਹੀਂ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਕੁਝ ਤੱਤ ਨਿੱਜੀ ਲਾਭ ਅਤੇ ਪ੍ਰਸਿੱਧੀ ਲਈ ਅਜਿਹੀਆਂ ਅਫ਼ਵਾਹਾਂ ਫੈਲਾ ਕੇ ਸੰਗਤ ਨੂੰ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।

