ਨਵੀਂ ਦਿੱਲੀ :- ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ’ਤੇ ਹੋਏ ਹਮਲੇ ਮਾਮਲੇ ਨੇ ਸਿਆਸੀ ਹਲਕਿਆਂ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪੁਲਿਸ ਮੁਤਾਬਕ, ਇਹ ਹਮਲਾ ਬੁੱਧਵਾਰ ਨੂੰ ਜਨ ਸੁਣਵਾਈ ਦੌਰਾਨ ਹੋਇਆ, ਜਦੋਂ ਇੱਕ ਵਿਅਕਤੀ ਅਚਾਨਕ ਭੀੜ ਵਿੱਚੋਂ ਨਿਕਲ ਕੇ ਮੁੱਖ ਮੰਤਰੀ ’ਤੇ ਹਮਲਾ ਕਰ ਬੈਠਾ। ਉਸਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ।
ਹਮਲਾਵਰ ਦੀ ਪਛਾਣ ਅਤੇ ਮਾਂ ਦਾ ਬਿਆਨ
ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਰਾਜੇਸ਼ ਸਾਕਰਿਆ ਵਜੋਂ ਹੋਈ ਹੈ, ਜੋ ਗੁਜਰਾਤ ਦਾ ਰਹਿਣ ਵਾਲਾ ਹੈ। ਰਾਜੇਸ਼ ਦੀ ਮਾਂ ਨੇ ਦੱਸਿਆ ਕਿ ਉਸਦਾ ਪੁੱਤਰ ਕਾਫੀ ਸਮੇਂ ਤੋਂ ਮਾਨਸਿਕ ਤਣਾਓ ਦਾ ਸ਼ਿਕਾਰ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਦਵਾਈ ਨਹੀਂ ਲੈਂਦਾ।
ਉਸਨੇ ਕਿਹਾ, “ਉਹ ਜਾਨਵਰਾਂ ਨਾਲ ਬਹੁਤ ਪਿਆਰ ਕਰਦਾ ਹੈ। ਜਦੋਂ ਸੁਪਰੀਮ ਕੋਰਟ ਨੇ ਆਵਾਰਾ ਕੁੱਤਿਆਂ ਨੂੰ ਸ਼ੈਲਟਰ ਹੋਮ ਭੇਜਣ ਬਾਰੇ ਫ਼ੈਸਲਾ ਕੀਤਾ, ਉਸਦੇ ਬਾਅਦ ਉਹ ਬਹੁਤ ਉਦਾਸ ਰਹਿਣ ਲੱਗਾ ਸੀ। ਉਸਨੇ ਘਰ ਵਿੱਚ ਵੀ ਹਿੰਸਕ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਇਥੋਂ ਤੱਕ ਕਿ ਉਹ ਮੈਨੂੰ ਵੀ ਕਈ ਵਾਰ ਮਾਰ ਚੁੱਕਾ ਹੈ।”
ਘਰ ਛੱਡ ਕੇ ਦਿੱਲੀ ਆਇਆ
ਮਾਂ ਨੇ ਹੋਰ ਦੱਸਿਆ ਕਿ ਰਾਜੇਸ਼ ਐਤਵਾਰ ਨੂੰ ਘਰੋਂ ਬਿਨਾਂ ਦੱਸੇ ਨਿਕਲ ਗਿਆ ਸੀ। ਜਦੋਂ ਪਿਤਾ ਨੇ ਫ਼ੋਨ ਕੀਤਾ ਤਾਂ ਉਸਨੇ ਕਿਹਾ, “ਮੈਂ ਦਿੱਲੀ ਆ ਗਿਆ ਹਾਂ। ਮੈਂ ਕੁੱਤਿਆਂ ਬਾਰੇ ਵੀਡੀਓ ਦੇਖੀ ਸੀ, ਇਸ ਕਰਕੇ ਇੱਥੇ ਆਇਆ ਹਾਂ।”
ਹਮਲੇ ਤੋਂ ਬਾਅਦ ਜਦੋਂ ਹਮਲਾਵਰ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਤਾਂ ਅਧਿਕਾਰੀਆਂ ਵੱਲੋਂ ਇਸਦੀ ਪੁਸ਼ਟੀ ਕੀਤੀ ਗਈ ਕਿ ਤਸਵੀਰ ਅਸਲੀ ਹੈ। ਵਿਰੋਧੀ ਧਿਰ ਨੇ ਇਸ ਗੱਲ ’ਤੇ ਵੀ ਸਵਾਲ ਉਠਾਇਆ ਹੈ ਕਿ ਮੁੱਖ ਮੰਤਰੀ ਤੱਕ ਹਮਲਾਵਰ ਕਿਵੇਂ ਪਹੁੰਚ ਗਿਆ, ਜਦਕਿ ਉਸਦੀ ਸੁਰੱਖਿਆ ਲਈ ਕੜੇ ਪ੍ਰਬੰਧ ਕੀਤੇ ਗਏ ਸਨ।
ਪੁਲਿਸ ਦੀ ਕਾਰਵਾਈ ਜਾਰੀ
ਪੁਲਿਸ ਨੇ ਰਾਜੇਸ਼ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਵੱਲੋਂ ਕਿਹਾ ਗਿਆ ਹੈ ਕਿ ਮਾਮਲਾ ਸੰਵੇਦਨਸ਼ੀਲ ਹੈ, ਇਸ ਲਈ ਹਮਲਾਵਰ ਬਾਰੇ ਹੋਰ ਜਾਣਕਾਰੀ ਇਸ ਵੇਲੇ ਜਾਰੀ ਨਹੀਂ ਕੀਤੀ ਜਾ ਸਕਦੀ।