ਅੰਮ੍ਰਿਤਸਰ :- ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਇੱਕ ਵੱਡੀ ਕਾਰਵਾਈ ਅੰਮ੍ਰਿਤਸਰ ਵਿੱਚ ਕੀਤੀ ਗਈ। ਵਿਜੀਲੈਂਸ ਦੀ ਟੀਮ ਨੇ ਛੇਹਰਟਾ ਦੇ ਰਹਿਣ ਵਾਲੇ ਲਲਿਤ ਅਰੋੜਾ ਨੂੰ ਛੇਹਰਟਾ ਥਾਣੇ ਦੇ ਐਸ.ਐਚ.ਓ ਵਿਨੋਦ ਸ਼ਰਮਾ ਦੀ ਥਾਂ ਤੇ 5 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।
ਸ਼ਿਕਾਇਤ ਤੋਂ ਬਾਅਦ ਵਿਜੀਲੈਂਸ ਦੀ ਤੁਰੰਤ ਕਾਰਵਾਈ
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਕਾਰਵਾਈ ਛੇਹਰਟਾ ਨਿਵਾਸੀ ਇਕ ਵਿਅਕਤੀ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਥਾਣੇ ਦੇ ਐਸ.ਐਚ.ਓ. ਵਿਨੋਦ ਸ਼ਰਮਾ ਅਤੇ ਉਸ ਦੀ ਟੀਮ ਨੇ ਉਸ ਦੇ ਘਰ ਛਾਪਾ ਮਾਰ ਕੇ ਉਸ ਅਤੇ ਉਸ ਦੇ ਚਚੇਰੇ ਭਰਾ ’ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਦੋਸ਼ ਲਾਇਆ ਸੀ।
ਪੁਲਿਸ ਨੇ ਕਥਿਤ ਤੌਰ ’ਤੇ ਧਮਕੀ ਦਿੱਤੀ ਸੀ ਕਿ ਉਨ੍ਹਾਂ ਵਿਰੁੱਧ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਉਸ ਦੀ ਕਾਰ ਵੀ ਜ਼ਬਤ ਕਰ ਲਈ ਗਈ ਸੀ, ਜਿਸ ਵਿੱਚ ਕਿਹਾ ਗਿਆ ਕਿ ਨਸ਼ੀਲਾ ਸਮਾਨ ਮਿਲਿਆ ਸੀ।

ਮਾਮਲਾ ਸੁਲਝਾਉਣ ਲਈ ਮੰਗੀ 25 ਲੱਖ ਰੁਪਏ ਦੀ ਰਿਸ਼ਵਤ
ਸ਼ਿਕਾਇਤਕਰਤਾ ਨੇ ਮਾਮਲਾ ਸੁਲਝਾਉਣ ਲਈ ਐਸ.ਐਚ.ਓ. ਦੇ ਜਾਣਕਾਰ ਲਲਿਤ ਅਰੋੜਾ ਨਾਲ ਸੰਪਰਕ ਕੀਤਾ। ਅਰੋੜਾ ਨੇ ਕਥਿਤ ਤੌਰ ’ਤੇ ਐਸ.ਐਚ.ਓ. ਦੀ ਥਾਂ ਤੇ 25 ਲੱਖ ਰੁਪਏ ਦੀ ਰਿਸ਼ਵਤ ਮੰਗੀ, ਤਾਂ ਜੋ ਉਨ੍ਹਾਂ ਵਿਰੁੱਧ ਨਸ਼ੀਲੇ ਪਦਾਰਥਾਂ ਦਾ ਕੇਸ ਦਰਜ ਨਾ ਕੀਤਾ ਜਾਵੇ।
ਸ਼ਿਕਾਇਤਕਰਤਾ ਨੇ ਤੁਰੰਤ ਪੂਰੀ ਰਕਮ ਦੇਣ ਵਿੱਚ ਅਸਮਰੱਥਾ ਦਿਖਾਈ ਅਤੇ ਕਿਹਾ ਕਿ ਉਹ ਸਿਰਫ 5 ਲੱਖ ਰੁਪਏ ਦੀ ਹੀ ਪਹਿਲੀ ਕਿਸ਼ਤ ਦੇ ਸਕਦਾ ਹੈ। ਇਸ ’ਤੇ ਅਰੋੜਾ ਨੇ ਰਕਮ ਲੈਣ ਲਈ ਸਹਿਮਤੀ ਜਤਾ ਦਿੱਤੀ।
ਵਿਜੀਲੈਂਸ ਨੇ ਜਾਲ ਵਿਛਾ ਕੇ ਫੜਿਆ ਰੰਗੇ ਹੱਥੀਂ
ਵਿਜੀਲੈਂਸ ਬਿਊਰੋ ਅੰਮ੍ਰਿਤਸਰ ਰੇਂਜ ਦੀ ਟੀਮ ਨੇ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਜਾਲ ਵਿਛਾ ਕੇ ਲਲਿਤ ਅਰੋੜਾ ਨੂੰ 5 ਲੱਖ ਰੁਪਏ ਲੈਂਦਿਆਂ ਰੰਗੇ ਹੱਥੀਂ ਫੜ ਲਿਆ।
ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਵਿਰੁੱਧ ਵਿਜੀਲੈਂਸ ਬਿਊਰੋ ਥਾਣਾ ਅੰਮ੍ਰਿਤਸਰ ਰੇਂਜ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਬਿਊਰੋ ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਨੂੰ ਕੱਲ੍ਹ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਮਾਮਲੇ ਦੀ ਹੋਰ ਜਾਂਚ ਜਾਰੀ ਹੈ।

