ਨਵੀਂ ਦਿੱਲੀ :- ਅਮਰੀਕਾ ਦੀ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (FBI) ਨੇ ਟੈਕਸਾਸ ਦੀ ਮਹਿਲਾ ਸਿੰਡੀ ਰੌਡਰਿਗਜ਼ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ‘ਤੇ ਦੋਸ਼ ਹੈ ਕਿ ਉਸ ਨੇ ਆਪਣੇ ਛੇ ਸਾਲਾ ਪੁੱਤਰ ਨੋਏਲ ਅਲਵਾਰੇਜ਼ ਦੀ ਹੱਤਿਆ ਕੀਤੀ ਅਤੇ ਫਿਰ ਭਾਰਤ ਭੱਜ ਗਈ ਸੀ। ਐਫਬੀਆਈ ਡਾਇਰੈਕਟਰ ਕਸ਼ ਪਟੇਲ ਦੇ ਮੁਤਾਬਕ, ਸਿੰਡੀ ਨੇ ਜਾਂਚ ਦੌਰਾਨ ਆਪਣੇ ਠਿਕਾਣੇ ਬਾਰੇ ਝੂਠ ਬੋਲਿਆ ਸੀ।
ਸਿੰਡੀ ਰੌਡਰਿਗਜ਼ ਸਿੰਘ ਐਫਬੀਆਈ ਦੀ ਟੌਪ 10 ਮੋਸਟ ਵਾਂਟੇਡ ਫਿਊਜਟਿਵਸ ਦੀ ਸੂਚੀ ਵਿੱਚ ਸ਼ਾਮਲ ਸੀ ਅਤੇ ਉਸਦੀ ਜਾਣਕਾਰੀ ਦੇਣ ਲਈ $2.5 ਲੱਖ ਦਾ ਇਨਾਮ ਵੀ ਰੱਖਿਆ ਗਿਆ ਸੀ। ਇਹ ਪਿਛਲੇ ਸੱਤ ਮਹੀਨਿਆਂ ਵਿੱਚ ਗ੍ਰਿਫ਼ਤਾਰ ਕੀਤੀ ਗਈ ਚੌਥੀ ਸਭ ਤੋਂ ਵੱਧ ਲੋੜੀਂਦੀ ਭਗੌੜੀ ਹੈ।
ਸਿੰਡੀ ਦਾ ਜਨਮ 1985 ਵਿੱਚ ਹੋਇਆ ਸੀ ਅਤੇ ਉਹ ਡੱਲਾਸ, ਟੈਕਸਾਸ ਦੀ ਰਹਿਣ ਵਾਲੀ ਹੈ। ਉਸਦੀ ਲੰਬਾਈ ਲਗਭਗ 5’1” ਤੋਂ 5’3”, ਭਾਰ 120 ਤੋਂ 140 ਪੌਂਡ, ਭੂਰੀਆਂ ਅੱਖਾਂ ਅਤੇ ਵਾਲ ਹਨ ਅਤੇ ਉਸਦੇ ਹੱਥਾਂ ਤੇ ਪੈਰਾਂ ‘ਤੇ ਟੈਟੂ ਹਨ।
ਬੱਚੇ ਦੀ ਗੁੰਮਸ਼ੁਦਾ ਰਿਪੋਰਟ ਤੋਂ ਭਗੌੜੀ ਤੱਕ
ਨੋਏਲ ਅਲਵਾਰੇਜ਼ ਅਕਤੂਬਰ 2022 ਤੋਂ ਗਾਇਬ ਸੀ ਅਤੇ ਉਸਦੀ ਲਾਪਤਾ ਹੋਣ ਦੀ ਰਿਪੋਰਟ ਮਾਰਚ 2023 ਵਿੱਚ ਦਰਜ ਕੀਤੀ ਗਈ। ਜਾਂਚ ਦੌਰਾਨ ਸਿੰਡੀ ਨੇ ਅਧਿਕਾਰੀਆਂ ਨੂੰ ਕਥਿਤ ਤੌਰ ‘ਤੇ ਗੁੰਮਰਾਹ ਕੀਤਾ ਅਤੇ ਕਿਹਾ ਕਿ ਬੱਚਾ ਮੈਕਸੀਕੋ ਵਿੱਚ ਆਪਣੇ ਜੈਵਿਕ ਪਿਤਾ ਕੋਲ ਹੈ।
ਪਰ ਸਿਰਫ਼ ਦੋ ਦਿਨਾਂ ਬਾਅਦ, ਸਿੰਡੀ ਨੂੰ ਆਪਣੇ ਪਤੀ ਅਰਸ਼ਦੀਪ ਅਤੇ ਛੇ ਬੱਚਿਆਂ ਨਾਲ ਭਾਰਤ ਜਾਣ ਵਾਲੀ ਉਡਾਨ ਵਿੱਚ ਦੇਖਿਆ ਗਿਆ, ਪਰ ਨੋਏਲ ਉਨ੍ਹਾਂ ਦੇ ਨਾਲ ਨਹੀਂ ਸੀ। ਟੈਕਸਾਸ ਡਿਪਾਰਟਮੈਂਟ ਆਫ਼ ਫੈਮਿਲੀ ਐਂਡ ਪ੍ਰੋਟੈਕਟਿਵ ਸਰਵਿਸਿਜ਼ ਅਤੇ ਐਵਰਮੈਨ ਪੁਲਿਸ ਡਿਪਾਰਟਮੈਂਟ ਨੇ ਲੰਬੀ ਜਾਂਚ ਤੋਂ ਬਾਅਦ ਉਸਨੂੰ ਗ੍ਰਿਫ਼ਤਾਰ ਕਰ ਲਿਆ।