ਅਮਰੀਕਾ :- ਅਮਰੀਕਾ ਅਤੇ ਈਰਾਨ ਦਰਮਿਆਨ ਵਧਦੇ ਤਣਾਅ ਦੇ ਵਿਚਕਾਰ ਮੱਧ ਪੂਰਬ ਇੱਕ ਵਾਰ ਫਿਰ ਗੰਭੀਰ ਜੰਗੀ ਹਾਲਾਤਾਂ ਵੱਲ ਵਧਦਾ ਨਜ਼ਰ ਆ ਰਿਹਾ ਹੈ। ਇੰਡੋ-ਪੈਸੀਫਿਕ ਖੇਤਰ ਤੋਂ ਦਿਸ਼ਾ ਬਦਲ ਕੇ ਅਮਰੀਕੀ ਜਲ ਸੈਨਾ ਦਾ ਸਭ ਤੋਂ ਤਾਕਤਵਰ ਜਹਾਜ਼ੀ ਬੇੜਾ USS ਅਬ੍ਰਾਹਮ ਲਿੰਕਨ ਕੈਰੀਅਰ ਸਟ੍ਰਾਈਕ ਗਰੁੱਪ ਸੋਮਵਾਰ ਨੂੰ ਅਮਰੀਕੀ ਸੈਂਟਰਲ ਕਮਾਂਡ ਦੇ ਇਲਾਕੇ ਵਿੱਚ ਦਾਖਲ ਹੋ ਗਿਆ ਹੈ। ਇਸ ਕਦਮ ਨਾਲ ਖੇਤਰ ਵਿੱਚ ਸੁਰੱਖਿਆ ਸੰਤੁਲਨ ਹਿਲਦਾ ਦਿੱਸ ਰਿਹਾ ਹੈ ਅਤੇ ਹਵਾਈ ਹਮਲਿਆਂ ਦੀ ਸੰਭਾਵਨਾ ਨੂੰ ਲੈ ਕੇ ਅਟਕਲਾਂ ਤੇਜ਼ ਹੋ ਗਈਆਂ ਹਨ।
ਮਲੱਕਾ ਸਟ੍ਰੇਟ ਤੋਂ ਮੱਧ ਪੂਰਬ ਤੱਕ ਜੰਗੀ ਯਾਤਰਾ
ਨਿਮਿਟਜ਼ ਕਲਾਸ ਨਾਲ ਸਬੰਧਤ ਪ੍ਰਮਾਣੂ-ਸੰਚਾਲਿਤ ਏਅਰਕ੍ਰਾਫਟ ਕੈਰੀਅਰ USS ਅਬ੍ਰਾਹਮ ਲਿੰਕਨ (CVN-72) ਨੇ 19 ਜਨਵਰੀ ਨੂੰ ਮਲੱਕਾ ਸਟ੍ਰੇਟ ਪਾਰ ਕੀਤਾ ਸੀ। ਇਸ ਜਹਾਜ਼ ਨੂੰ ਤਿੰਨ ਅਧੁਨਿਕ ਗਾਈਡਡ ਮਿਜ਼ਾਈਲ ਡਿਸਟ੍ਰਾਇਰਾਂ USS ਫ੍ਰੈਂਕ ਈ. ਪੀਟਰਸਨ ਜੂਨੀਅਰ, USS ਸਪ੍ਰੂਆਂਸ ਅਤੇ USS ਮਾਈਕਲ ਮਰਫੀ ਦੀ ਸੁਰੱਖਿਆ ਹਾਸਲ ਹੈ। ਇਹ ਬੇੜਾ ਕੈਰੀਅਰ ਸਟ੍ਰਾਈਕ ਗਰੁੱਪ–3 ਦਾ ਮੁੱਖ ਹਿੱਸਾ ਹੈ, ਜੋ ਅਮਰੀਕਾ ਦੀ ਸਮੁੰਦਰੀ ਫੌਜੀ ਤਾਕਤ ਦਾ ਕੇਂਦਰ ਮੰਨਿਆ ਜਾਂਦਾ ਹੈ।
ਸੈਂਟਰਲ ਕਮਾਂਡ ਦਾ ਬਿਆਨ
ਅਮਰੀਕੀ ਸੈਂਟਰਲ ਕਮਾਂਡ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੰਦਿਆਂ ਕਿਹਾ ਕਿ ਕੈਰੀਅਰ ਸਟ੍ਰਾਈਕ ਗਰੁੱਪ ਨੂੰ ਖੇਤਰੀ ਸੁਰੱਖਿਆ ਅਤੇ ਸਥਿਰਤਾ ਬਣਾਈ ਰੱਖਣ ਲਈ ਮੱਧ ਪੂਰਬ ਵਿੱਚ ਤਾਇਨਾਤ ਕੀਤਾ ਗਿਆ ਹੈ। ਇਹ ਅਕਤੂਬਰ ਤੋਂ ਬਾਅਦ ਪਹਿਲੀ ਵਾਰ ਹੈ ਜਦੋਂ ਅਮਰੀਕੀ ਏਅਰਕ੍ਰਾਫਟ ਕੈਰੀਅਰ ਮੁੜ ਮੱਧ ਪੂਰਬੀ ਪਾਣੀਆਂ ਵਿੱਚ ਦਾਖਲ ਹੋਇਆ ਹੈ।
ਟਰੰਪ ਦੇ ਬਿਆਨ ਨਾਲ ਵਧੀ ਚਿੰਤਾ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਫੌਜੀ ਹਿਲਚਲ ਨੂੰ ਈਰਾਨ ‘ਤੇ ਦਬਾਅ ਬਣਾਉਣ ਦੀ ਰਣਨੀਤੀ ਨਾਲ ਜੋੜਿਆ ਹੈ। ਉਨ੍ਹਾਂ ਪਿਛਲੇ ਹਫ਼ਤੇ ਕਿਹਾ ਸੀ ਕਿ ਜਲ ਸੈਨਾ ਦੀ ਇਹ ਤਾਇਨਾਤੀ ਸਾਵਧਾਨੀ ਵਜੋਂ ਕੀਤੀ ਗਈ ਹੈ ਅਤੇ ਸ਼ਾਇਦ ਇਸਦੀ ਵਰਤੋਂ ਕਰਨ ਦੀ ਲੋੜ ਨਾ ਪਵੇ। ਹਾਲਾਂਕਿ ਉਨ੍ਹਾਂ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਈਰਾਨ ਵਿਰੋਧ ਪ੍ਰਦਰਸ਼ਨਕਾਰੀਆਂ ਜਾਂ ਕੈਦੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਾ ਹੈ ਤਾਂ ਅਮਰੀਕਾ ਫੌਜੀ ਰਸਤਾ ਅਪਣਾ ਸਕਦਾ ਹੈ।
ਵਿਰੋਧ ਪ੍ਰਦਰਸ਼ਨ ਅਤੇ ਮਨੁੱਖੀ ਅਧਿਕਾਰਾਂ ‘ਤੇ ਵਿਵਾਦ
ਮਨੁੱਖੀ ਅਧਿਕਾਰ ਸੰਸਥਾਵਾਂ ਮੁਤਾਬਕ ਈਰਾਨ ਵਿੱਚ ਹੋਏ ਵਿਆਪਕ ਵਿਰੋਧ ਪ੍ਰਦਰਸ਼ਨਾਂ ਦੌਰਾਨ ਹਜ਼ਾਰਾਂ ਲੋਕ ਮਾਰੇ ਗਏ ਅਤੇ ਦਸਾਂ ਹਜ਼ਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਮਰੀਕੀ ਦਾਵਿਆਂ ਅਨੁਸਾਰ ਸੈਂਕੜੇ ਕੈਦੀਆਂ ਨੂੰ ਫਾਂਸੀ ਦੇਣ ਦੀ ਯੋਜਨਾ ਵੀ ਬਣਾਈ ਗਈ ਸੀ, ਜਿਸਨੂੰ ਬਾਅਦ ਵਿੱਚ ਰੋਕਣ ਦੀ ਗੱਲ ਕਹੀ ਗਈ। ਤਹਿਰਾਨ ਸਰਕਾਰ ਨੇ ਇਹ ਸਾਰੇ ਦਾਅਵੇ ਰੱਦ ਕਰ ਦਿੱਤੇ ਹਨ।
ਪੈਂਟਾਗਨ ਵੱਲੋਂ ਫੌਜੀ ਮੌਜੂਦਗੀ ਵਿੱਚ ਵੱਡਾ ਵਾਧਾ
ਕੈਰੀਅਰ ਗਰੁੱਪ ਦੀ ਤਾਇਨਾਤੀ ਦੇ ਨਾਲ ਹੀ ਪੈਂਟਾਗਨ ਨੇ ਲੜਾਕੂ ਜਹਾਜ਼ਾਂ, ਕਾਰਗੋ ਉਡਾਣਾਂ ਅਤੇ ਹੋਰ ਫੌਜੀ ਸਾਧਨਾਂ ਨੂੰ ਵੀ ਖੇਤਰ ਵੱਲ ਭੇਜਣਾ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਈਰਾਨ ਦੇ ਆਲੇ ਦੁਆਲੇ ਅਮਰੀਕੀ ਫੌਜੀ ਘੇਰਾ ਹੋਰ ਮਜ਼ਬੂਤ ਹੋ ਰਿਹਾ ਹੈ।
ਈਰਾਨ ਦੀ ਸਖ਼ਤ ਚੇਤਾਵਨੀ
ਈਰਾਨੀ ਅਧਿਕਾਰੀਆਂ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਕਿਸੇ ਵੀ ਕਿਸਮ ਦੀ ਅਮਰੀਕੀ ਫੌਜੀ ਕਾਰਵਾਈ ਦਾ ਜਵਾਬ ਤਿੱਖੇ ਬਦਲੇ ਨਾਲ ਦਿੱਤਾ ਜਾਵੇਗਾ। ਉਨ੍ਹਾਂ ਅਨੁਸਾਰ ਇਸ ਨਾਲ ਸਿਰਫ਼ ਦੋ ਦੇਸ਼ਾਂ ਹੀ ਨਹੀਂ, ਸਗੋਂ ਪੂਰੇ ਮੱਧ ਪੂਰਬ ਵਿੱਚ ਅਸਥਿਰਤਾ ਫੈਲ ਸਕਦੀ ਹੈ।
ਪੁਰਾਣੀ ਤਣਾਅਪੂਰਨ ਸਥਿਤੀ ਦਾ ਡਰ
ਮੌਜੂਦਾ ਹਾਲਾਤ ਪਿਛਲੇ ਸਾਲ ਦੀ ਉਸ ਸਥਿਤੀ ਦੀ ਯਾਦ ਦਵਾਉਂਦੇ ਹਨ, ਜਦੋਂ ਅਮਰੀਕਾ ਨੇ ਪ੍ਰਮਾਣੂ ਢਾਂਚਿਆਂ ‘ਤੇ ਹਮਲਿਆਂ ਤੋਂ ਬਾਅਦ ਖੇਤਰ ਵਿੱਚ ਪੈਟ੍ਰਿਅਟ ਮਿਜ਼ਾਈਲ ਪ੍ਰਣਾਲੀਆਂ ਤਾਇਨਾਤ ਕੀਤੀਆਂ ਸਨ। ਉਸ ਸਮੇਂ ਈਰਾਨ ਵੱਲੋਂ ਅਲ ਉਦੀਦ ਏਅਰ ਬੇਸ ‘ਤੇ ਮਿਜ਼ਾਈਲ ਹਮਲੇ ਕੀਤੇ ਗਏ ਸਨ, ਜਿਸ ਨਾਲ ਪੂਰਾ ਖੇਤਰ ਜੰਗ ਦੇ ਕਿਨਾਰੇ ਖੜ੍ਹਾ ਹੋ ਗਿਆ ਸੀ।
ਮੌਜੂਦਾ ਤਾਇਨਾਤੀ ਨੇ ਇਕ ਵਾਰ ਫਿਰ ਇਹ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਕੀ ਮੱਧ ਪੂਰਬ ਸ਼ਾਂਤੀ ਵੱਲ ਵਧੇਗਾ ਜਾਂ ਇੱਕ ਨਵੀਂ ਵੱਡੀ ਟਕਰਾਅ ਦੀ ਦਹਲੀਜ਼ ‘ਤੇ ਖੜ੍ਹਾ ਹੈ।

