ਨਵੀਂ ਦਿੱਲੀ :- ਭਾਰਤ ਡਾਕ ਵਿਭਾਗ ਵੱਲੋਂ ਅਮਰੀਕਾ ਨੂੰ ਭੇਜੇ ਜਾਣ ਵਾਲੇ ਹਰੇਕ ਸ਼੍ਰੇਣੀ ਦੇ ਪੱਤਰ, ਦਸਤਾਵੇਜ਼, ਪਾਰਸਲ ਅਤੇ 100 ਡਾਲਰ ਤੱਕ ਮੁੱਲ ਵਾਲੇ ਤੋਹਫ਼ਿਆਂ ਦੀ ਬੁਕਿੰਗ ਪੂਰੀ ਤਰ੍ਹਾਂ ਰੋਕ ਦਿੱਤੀ ਗਈ ਹੈ। ਐਤਵਾਰ, 31 ਅਗਸਤ ਨੂੰ ਜਾਰੀ ਪ੍ਰੈਸ ਰਿਲੀਜ਼ ਅਨੁਸਾਰ, ਇਹ ਫੈਸਲਾ ਹਾਲ ਹੀ ਵਿੱਚ ਉੱਠੇ ਅਮਰੀਕੀ ਟੈਰਿਫ਼ ਅਤੇ ਵਪਾਰਕ ਤਣਾਅ ਦੇ ਮੱਦੇਨਜ਼ਰ ਲਿਆ ਗਿਆ ਹੈ।
ਭੇਜੇ ਗਏ ਪਾਰਸਲਾਂ ਲਈ ਰਿਫੰਡ ਦਾ ਪ੍ਰਬੰਧ
ਡਾਕ ਵਿਭਾਗ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਜਿਨ੍ਹਾਂ ਗਾਹਕਾਂ ਨੇ ਆਪਣਾ ਸਮਾਨ ਬੁੱਕ ਕਰਵਾ ਰੱਖਿਆ ਹੈ ਪਰ ਉਹ ਅਜੇ ਤੱਕ ਭੇਜਿਆ ਨਹੀਂ ਗਿਆ, ਉਹ ਡਾਕ ਖਰਚੇ ਦਾ ਰਿਫੰਡ ਕਲੇਮ ਕਰ ਸਕਦੇ ਹਨ। ਇਸ ਲਈ ਡਾਕ ਘਰਾਂ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ, ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ।
ਅਮਰੀਕਾ ਨਾਲ ਵਪਾਰਕ ਤਣਾਅ ਦਾ ਪ੍ਰਭਾਵ
ਡਾਕ ਸੇਵਾ ਦੀ ਇਹ ਅਚਾਨਕ ਰੁਕਾਵਟ ਉਹਨਾਂ ਲੋਕਾਂ ਲਈ ਵੱਡੀ ਚਿੰਤਾ ਦਾ ਕਾਰਨ ਹੈ ਜੋ ਨਿੱਜੀ ਜਾਂ ਵਪਾਰਕ ਕਾਰਜ ਲਈ ਰੋਜ਼ਾਨਾ ਦਸਤਾਵੇਜ਼ ਅਤੇ ਸਮਾਨ ਅਮਰੀਕਾ ਭੇਜਦੇ ਸਨ। ਜਾਣਕਾਰਾਂ ਦੇ ਅਨੁਸਾਰ, ਇਹ ਫੈਸਲਾ ਅਮਰੀਕੀ ਟੈਰਿਫ਼ ਅਤੇ ਵਪਾਰਕ ਨੀਤੀਆਂ ਵਿੱਚ ਆਏ ਤਾਜ਼ਾ ਬਦਲਾਵਾਂ ਨਾਲ ਜੁੜਿਆ ਹੋ ਸਕਦਾ ਹੈ। ਇਸ ਦੇ ਪ੍ਰਭਾਵਾਂ ਕਾਰਨ ਵਿਦੇਸ਼ੀ ਗਾਹਕਾਂ ਨਾਲ ਕੰਮ ਕਰਨ ਵਾਲੇ ਛੋਟੇ ਵਪਾਰੀਆਂ, ਆਨਲਾਈਨ ਵਿਕਰੇਤਾਵਾਂ ਅਤੇ NRI ਪਰਿਵਾਰਾਂ ਨੂੰ ਵੀ ਵਾਧੂ ਨੁਕਸਾਨ ਝੱਲਣਾ ਪੈ ਸਕਦਾ ਹੈ।
ਡਾਕ ਵਿਭਾਗ ਨੇ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) ‘ਤੇ ਐਲਾਨ ਕਰਦੇ ਹੋਏ ਲੋਕਾਂ ਨੂੰ ਭਰੋਸਾ ਦਵਾਇਆ ਹੈ ਕਿ ਜਿਹੜੇ ਵੀ ਪਾਰਸਲ ਪਹਿਲਾਂ ਹੀ ਭੇਜੇ ਜਾ ਚੁੱਕੇ ਹਨ ਉਹਨਾਂ ਬਾਰੇ ਜਾਣਕਾਰੀ ਡਾਕ ਟ੍ਰੈਕਿੰਗ ਪ੍ਰਣਾਲੀ ਰਾਹੀਂ ਦਿੱਤੀ ਜਾਵੇਗੀ। ਹਾਲਾਂਕਿ, ਨਵੀਂ ਬੁਕਿੰਗ ਕਦੋਂ ਦੁਬਾਰਾ ਸ਼ੁਰੂ ਹੋਵੇਗੀ ਇਸ ਬਾਰੇ ਹਾਲੇ ਕੋਈ ਅਧਿਕਾਰਕ ਤਰੀਖ਼ ਸਾਹਮਣੇ ਨਹੀਂ ਆਈ।