ਪਟਿਆਲਾ :- ਪਟਿਆਲਾ ਦੇ ਇਤਿਹਾਸਕ ਵਾਣ ਬਾਜ਼ਾਰ ਵਿੱਚ ਦਿਲਜੀਤ ਦੋਸਾਂਝ ਦੀ ਫਿਲਮ ਸ਼ੂਟਿੰਗ ਦੌਰਾਨ ਬੁੱਧਵਾਰ ਨੂੰ ਤਣਾਅ ਦੀ ਸਥਿਤੀ ਬਣ ਗਈ। ਫਿਲਮ ਯੂਨਿਟ ਵੱਲੋਂ 1947 ਦੀ ਵੰਡ ਪਿੱਛੋਕੜ ਵਾਲਾ ਦ੍ਰਿਸ਼ ਤਿਆਰ ਕਰਨ ਲਈ ਬਾਜ਼ਾਰ ਨੂੰ ਪਾਕਿਸਤਾਨੀ ਰੂਪ ਦਿੱਤਾ ਗਿਆ, ਜਿਸ ਵਿੱਚ ਉਰਦੂ ਪਟੀਆਂ, ਬੋਰਡ ਤੇ ਪੁਰਾਣਾ ਲਹਿਰਾ ਤਿਆਰ ਕੀਤਾ ਗਿਆ। ਇਸ ਕਦਮ ਨੇ ਸਥਾਨਕ ਦੁਕਾਨਦਾਰਾਂ ਵਿੱਚ ਭਾਰੀ ਅਸੰਤੋਸ਼ ਪੈਦਾ ਕੀਤਾ।
ਬੋਰਡ ਉਖਾੜੇ ਜਾਣ ਤੇ ਛੱਤਾਂ ‘ਤੇ ਚੜ੍ਹਨ ਦਾ ਦੋਸ਼
ਕਈ ਦੁਕਾਨਦਾਰਾਂ ਨੇ ਦਾਅਵਾ ਕੀਤਾ ਕਿ ਸ਼ੂਟਿੰਗ ਟੀਮ ਨੇ ਬਿਨਾਂ ਇਜਾਜ਼ਤ ਉਨ੍ਹਾਂ ਦੇ ਬੋਰਡ ਉਖਾੜ ਦਿੱਤੇ ਅਤੇ ਕੁਝ ਲੋਕ ਸਵੇਰੇ ਦੁਕਾਨਾਂ ਦੀਆਂ ਛੱਤਾਂ ‘ਤੇ ਵੀ ਚੜ੍ਹ ਗਏ। ਇੱਕ ਦੁਕਾਨਦਾਰ ਮੁਤਾਬਕ, ਜਦੋਂ ਉਸਨੇ ਛੱਤ ‘ਤੇ ਅਜਿਹੇ ਲੋਕ ਵੇਖੇ ਤਾਂ ਪੁੱਛਗਿੱਛ ‘ਤੇ ਉਸਨੂੰ ਦੱਸਿਆ ਗਿਆ ਕਿ ਇਹ ਸਾਰਾ ਕੰਮ ਫਿਲਮ ਦੀ ਸ਼ੂਟਿੰਗ ਲਈ ਕੀਤਾ ਜਾ ਰਿਹਾ ਹੈ।
ਪੁਲਿਸ ਵੱਲੋਂ ਬਾਜ਼ਾਰ ਸੀਲ, ਦੁਕਾਨਾਂ ਨਾ ਖੋਲ੍ਹਣ ਦੇਣ ਤੇ ਵਿਰੋਧ
ਵਪਾਰੀਆਂ ਦੇ ਅਨੁਸਾਰ ਇਲਾਕਾ ਕੋਤਵਾਲੀ ਥਾਣੇ ਦੇ ਅਧੀਨ ਆਉਂਦਾ ਹੈ ਅਤੇ ਪੁਲਿਸ ਨੇ ਸਵੇਰੇ ਤੋਂ ਹੀ ਪੂਰਾ ਬਾਜ਼ਾਰ ਬੈਰੀਕੇਡ ਕਰਕੇ ਬੰਦ ਕਰ ਦਿੱਤਾ। ਸ਼ੂਟਿੰਗ ਲਗਭਗ 9:30 ਵਜੇ ਤੱਕ ਚੱਲਦੀ ਰਹੀ, ਪਰ ਜਦੋਂ ਵਪਾਰੀ ਆਪਣੇ ਸ਼ਟਰ ਖੋਲ੍ਹਣ ਲੱਗੇ ਤਾਂ ਉਨ੍ਹਾਂ ਨੂੰ ਰੋਕ ਦਿੱਤਾ ਗਿਆ। ਸਥਿਤੀ ਇਹ ਸੀ ਕਿ ਗਾਹਕਾਂ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ, ਜਿਸ ਕਰਕੇ ਵਪਾਰੀਆਂ ਨੇ ਸੜਕ ‘ਤੇ ਉਤਰ ਕੇ ਵਿਰੋਧ ਪ੍ਰਗਟਾਇਆ।
“ਸਾਡੇ ਨਾਲ ਕੋਈ ਸਲਾਹ–ਮਸ਼ਵਰਾ ਨਹੀਂ ਕੀਤਾ ਗਿਆ” – ਵਪਾਰੀ
ਦੁਕਾਨਦਾਰਾਂ ਨੇ ਸਾਫ਼ ਕਿਹਾ ਕਿ ਉਨ੍ਹਾਂ ਨਾਲ ਨਾਂ ਤਾਂ ਸ਼ੂਟਿੰਗ ਦੀ ਇਜਾਜ਼ਤ ਲਈ ਗੱਲਬਾਤ ਕੀਤੀ ਗਈ ਅਤੇ ਨਾਂ ਹੀ ਬੰਦੂਕਾਂ ਦੇ ਇਸਤੇਮਾਲ ਵਾਲੇ ਦ੍ਰਿਸ਼ਾਂ ਦੀ ਪਹਿਲਾਂ ਸੂਚਨਾ ਦਿੱਤੀ ਗਈ। ਵਪਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਦੀ ਨਿੱਜੀ ਜਾਇਦਾਦ ‘ਤੇ ਬਿਨਾਂ ਸਹਿਮਤੀ ਫਿਲਮ ਸੈੱਟ ਬਣਾਉਣਾ ਕਾਨੂੰਨੀ ਤੇ ਨੈਤਿਕ, ਦੋਵੇਂ ਪੱਖੋਂ ਗਲਤ ਹੈ।
ਕਿਲ੍ਹਾ ਮੁਬਾਰਕ ਵਿੱਚ ਵੀ ਫਿਲਮਾਏ ਗਏ ਦ੍ਰਿਸ਼
ਦਿਲਜੀਤ ਦੋਸਾਂਝ ਦੀ ਇਹ ਫਿਲਮ, ਜਿਸਦਾ ਨਿਰਦੇਸ਼ਨ ਇਮਤਿਆਜ਼ ਅਲੀ ਕਰ ਰਹੇ ਹਨ, ਪਟਿਆਲਾ ਦੀਆਂ ਕਈ ਵਿਰਾਸਤੀ ਥਾਵਾਂ ‘ਤੇ ਫਿਲਮਾਈ ਜਾ ਰਹੀ ਹੈ। ਕਿਲ੍ਹਾ ਮੁਬਾਰਕ ਸਮੇਤ ਕਈ ਸਥਾਨਾਂ ‘ਤੇ ਮਹੱਤਵਪੂਰਨ ਸੀਨ ਸ਼ੂਟ ਕੀਤੇ ਜਾ ਰਹੇ ਹਨ, ਜਿਸਦੀ ਕਾਰਨ ਸ਼ਹਿਰ ਵਿੱਚ ਪ੍ਰਸਿੱਧ ਕਲਾਕਾਰ ਨੂੰ ਦੇਖਣ ਲਈ ਭਾਰੀ ਭੀੜ ਵੀ ਉਮੜ ਰਹੀ ਹੈ।

