ਓਡਿਸ਼ਾ :- ਗੋਆ ਦੇ ਦਰਦਨਾਕ ਅਗਨੀਕਾਂਡ ਦੇ ਕੁਝ ਹੀ ਦਿਨਾਂ ਬਾਅਦ ਸ਼ੁੱਕਰਵਾਰ ਨੂੰ ਓਡਿਸ਼ਾ ਦੀ ਰਾਜਧਾਨੀ ਭੁਬਨੇਸ਼ਵਰ ਤੋਂ ਇੱਕ ਹੋਰ ਡਰਾਉਣੀ ਘਟਨਾ ਸਾਹਮਣੇ ਆਈ। ਸੱਤਿਆ ਵਿਹਾਰ ਖੇਤਰ ਦੇ ਇੱਕ ਨਾਈਟਕਲੱਬ ਵਿੱਚ ਸ਼ੁਰੂ ਹੋਈ ਅੱਗ ਥੋੜ੍ਹੇ ਹੀ ਸਮੇਂ ਵਿੱਚ ਬਗਲ ਵਾਲੀ ਫਰਨੀਚਰ ਦੁਕਾਨ ਤੱਕ ਪਹੁੰਚ ਗਈ। ਭੜਕੀ ਅੱਗ ਦੇ ਨਾਲ ਪੂਰਾ ਇਲਾਕਾ ਕਾਲੇ ਧੂੰਏ ਨਾਲ ਛਾ ਗਿਆ ਅਤੇ ਲੋਕ ਘਬਰਾਹਟ ਵਿੱਚ ਘਰਾਂ ਤੋਂ ਬਾਹਰ ਨਿਕਲ ਆਏ। ਰਾਹਤ ਦੀ ਗੱਲ ਇਹ ਹੈ ਕਿ ਫਾਇਰ ਬ੍ਰਿਗੇਡ ਦੇ ਤੁਰੰਤ ਰਿਸਪਾਂਸ ਕਾਰਨ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ।
ਫਰਨੀਚਰ, ਲੱਕੜ ਤੇ ਸਪਾਂਜ ਨੇ ਅੱਗ ਨੂੰ ਬਣਾਇਆ ਬੇਕਾਬੂ
ਚਸ਼ਮਦੀਦਾਂ ਦੇ ਮੁਤਾਬਕ ਅੱਗ ਸਭ ਤੋਂ ਪਹਿਲਾਂ ਨਾਈਟਕਲੱਬ ਦੇ ਅੰਦਰ ਲੱਗੀ ਅਤੇ ਕੁਝ ਹੀ ਮਿੰਟਾਂ ਵਿੱਚ ਨੇੜਲੀ ਫਰਨੀਚਰ ਮਾਰਕੀਟ ਤੱਕ ਪਹੁੰਚ ਗਈ। ਦੁਕਾਨਾਂ ਵਿੱਚ ਪਈ ਲੱਕੜ, ਫੋਮ ਅਤੇ ਸਪਾਂਜ ਵਰਗੀ ਜਲਦੀ ਸੜਨ ਵਾਲੀ ਸਮੱਗਰੀ ਨੇ ਅੱਗ ਨੂੰ ਹੋਰ ਖ਼ਤਰਨਾਕ ਬਣਾ ਦਿੱਤਾ। ਹਵਾ ਦੀ ਦਿਸ਼ਾ ਬਦਲਣ ਨਾਲ ਸੰਘਣਾ ਧੂੰਆ ਪੂਰੇ ਬਾਜ਼ਾਰ ਵੱਲ ਫੈਲ ਗਿਆ, ਜਿਸ ਨਾਲ ਕੁਝ ਸਮੇਂ ਲਈ ਦਿਖਣਾ ਘਟ ਗਿਆ ਅਤੇ ਲੋਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਉਣ ਲੱਗੀ।
ਸ਼ੌਟ ਸਰਕਿਟ ‘ਤੇ ਸ਼ੱਕ, ਫਾਇਰ ਟੀਮ ਨੇ ਸਮੇਂ ‘ਤੇ ਰੋਕਿਆ ਵੱਡਾ ਨੁਕਸਾਨ
ਮਾਮਲੇ ਦੀ ਸੂਚਨਾ ਮਿਲਦੇ ਹੀ ਕਈ ਫਾਇਰ ਟੈਂਡਰ ਮੌਕੇ ਤੇ ਪਹੁੰਚੇ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤਾ। ਦਮਕਲ ਕਰਮਚਾਰੀਆਂ ਨੇ ਘੰਟਿਆਂ ਦੀ ਮਿਹਨਤ ਨਾਲ ਅੱਗ ਨੂੰ ਹੋਰ ਦੁਕਾਨਾਂ ਤੇ ਰਹਾਇਸ਼ੀ ਬਿਲਡਿੰਗਾਂ ਤੱਕ ਫੈਲਣ ਤੋਂ ਰੋਕਿਆ। ਪ੍ਰਸ਼ਾਸਨ ਮੁਤਾਬਕ ਅੱਗ ਲੱਗਣ ਦਾ ਮੁੱਖ ਕਾਰਨ ਹਾਲੇ ਜਾਂਚ ਅਧੀਨ ਹੈ, ਪਰ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਸ਼ੌਟ ਸਰਕਿਟ ਜਾਂ ਨਾਈਟਕਲੱਬ ਦੇ ਕਿਚਨ ਸੈਕਸ਼ਨ ਵਿੱਚ ਆਈ ਦਿੱਕਤ ਕਾਰਨ ਹੋ ਸਕਦਾ ਹੈ।
ਗੋਵਾ ਹਾਦਸੇ ਤੋਂ ਬਾਅਦ ਸੇਫਟੀ ਆਡਿਟ ‘ਤੇ ਸੂਬਾ ਪਹਿਲਾਂ ਤੋਂ ਹੀ ਚੌਕਸ
ਯਾਦ ਰਹੇ ਕਿ ਕੁਝ ਦਿਨ ਪਹਿਲਾਂ ਹੀ ਗੋਵਾ ਦੇ ‘ਬਿਰਚ ਬਾਏ ਰੋਮੀਓ ਲੇਨ’ ਵਿੱਚ ਹੋਈ ਤ੍ਰਾਸਦੀ ਵਿੱਚ 25 ਲੋਕਾਂ ਦੀ ਮੌਤ ਹੋਈ ਸੀ। ਉਸ ਘਟਨਾ ਤੋਂ ਬਾਅਦ ਓਡਿਸ਼ਾ ਫਾਇਰ ਐਂਡ ਐਮਰਜੈਂਸੀ ਸੇਵਾਵਾਂ ਨੇ ਸੂਬੇ ਵਿੱਚ 100 ਤੋਂ ਵੱਧ ਸੀਟਾਂ ਵਾਲੇ ਸਾਰੇ ਰੈਸਟੋਰੈਂਟਾਂ ਅਤੇ ਕਲੱਬਾਂ ਦੀ ਸੇਫਟੀ ਜਾਂਚ ਦੇ ਹੁਕਮ ਜਾਰੀ ਕੀਤੇ ਸਨ। ਭੁਬਨੇਸ਼ਵਰ ਦਾ ਇਹ ਨਵਾਂ ਅਗਨੀਕਾਂਡ ਇੱਕ ਵਾਰ ਫਿਰ ਸੁਰੱਖਿਆ ਪ੍ਰਣਾਲੀਆਂ ‘ਤੇ ਵੱਡਾ ਸਵਾਲ ਖੜਾ ਕਰ ਰਿਹਾ ਹੈ।

