ਨਵੀਂ ਦਿੱਲੀ :- ਭਾਰਤ ਦੇ ਕਈ ਗੰਭੀਰ ਕੇਸਾਂ ਵਿੱਚ ਲੋੜੀਂਦਾ ਅਤੇ ‘ਮੋਸਟ ਵਾਂਟੇਡ’ ਦੀ ਸੂਚੀ ਵਿੱਚ ਸ਼ਾਮਲ ਗੈਂਗਸਟਰ ਨੋਨੀ ਰਾਣਾ ਅਮਰੀਕਾ ਵਿੱਚ ਸੁਰੱਖਿਆ ਏਜੰਸੀਆਂ ਦੇ ਹੱਥ ਚੜ੍ਹ ਗਿਆ ਹੈ। ਰਿਪੋਰਟਾਂ ਅਨੁਸਾਰ, ਨੋਨੀ ਰਾਣਾ ਨੂੰ ਨਿਆਗਰਾ ਸਰਹੱਦ ‘ਤੇ ਉਸ ਵੇਲੇ ਹਿਰਾਸਤ ਵਿੱਚ ਲਿਆ ਗਿਆ, ਜਦੋਂ ਉਹ ਅਮਰੀਕਾ ਤੋਂ ਕੈਨੇਡਾ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਸਰਹੱਦੀ ਸੁਰੱਖਿਆ ਜਾਂਚ ਦੌਰਾਨ ਉਸਦੀ ਮੂਵਮੈਂਟ ‘ਤੇ ਸ਼ੱਕ ਹੋਣ ਤੋਂ ਬਾਅਦ ਏਜੰਸੀਆਂ ਨੇ ਉਸਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ।
ਕਾਲਾ ਰਾਣਾ ਦਾ ਭਰਾ, ਵਿਦੇਸ਼ ‘ਚ ਬੈਠ ਕੇ ਚਲਾ ਰਿਹਾ ਸੀ ਗੈਂਗ
ਨੋਨੀ ਰਾਣਾ ਹਰਿਆਣਾ ਦਾ ਰਹਿਣ ਵਾਲਾ ਹੈ ਅਤੇ ਬਦਨਾਮ ਗੈਂਗਸਟਰ ਕਾਲਾ ਰਾਣਾ ਦਾ ਛੋਟਾ ਭਰਾ ਮੰਨਿਆ ਜਾਂਦਾ ਹੈ। ਜਾਂਚ ਅਨੁਸਾਰ, ਉਹ ਜਾਅਲੀ ਪਾਸਪੋਰਟ ਦੀ ਮਦਦ ਨਾਲ ਵਿਦੇਸ਼ ਭੱਜ ਗਿਆ ਸੀ ਅਤੇ ਬਾਹਰ ਬੈਠ ਕੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਚਲਾ ਰਿਹਾ ਸੀ। ਹਾਲ ਹੀ ਵਿੱਚ ਉਸਦੇ ਕਈ ਸੋਸ਼ਲ ਮੀਡੀਆ ਪੋਸਟ ਸਾਹਮਣੇ ਆਏ ਸਨ, ਜਿਨ੍ਹਾਂ ਵਿੱਚ ਉਹ ਹਰਿਆਣਾ ਵਿੱਚ ਲਾਰੈਂਸ ਗੈਂਗ ਦੁਆਰਾ ਕੀਤੀਆਂ ਵਾਰਦਾਤਾਂ ਦੀ ਜ਼ਿੰਮੇਵਾਰੀ ਲੈਂਦਾ ਦਿਖਿਆ ਸੀ।
ਭਾਰਤ ਲਿਆਂਦੇ ਜਾਣ ਦੀ ਪ੍ਰਕਿਰਿਆ ਤੇਜ਼
ਗ੍ਰਿਫ਼ਤਾਰੀ ਤੋਂ ਬਾਅਦ ਹੁਣ ਅਮਰੀਕਾ ਅਤੇ ਭਾਰਤ ਦੀਆਂ ਏਜੰਸੀਆਂ ਵਿਚਾਲੇ ਹਵਾਲਗੀ ਸੰਬੰਧੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਹਰਿਆਣਾ ਪੁਲਿਸ ਅਤੇ ਕੇਂਦਰੀ ਜਾਂਚ ਏਜੰਸੀਆਂ ਅਮਰੀਕੀ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹਨ ਤਾਂ ਜੋ ਉਸਨੂੰ ਜਲਦੀ ਤੋਂ ਜਲਦੀ ਭਾਰਤ ਲਿਆਂਦਾ ਜਾ ਸਕੇ।
ਇਸ ਤੋਂ ਪਹਿਲਾਂ ਅਨਮੋਲ ਬਿਸ਼ਨੋਈ ਦੀ ਵੀ ਹਵਾਲਗੀ ਹੋ ਚੁੱਕੀ
ਨੋਨੀ ਦੀ ਗ੍ਰਿਫ਼ਤਾਰੀ ਤੋਂ ਕੁਝ ਸਮਾਂ ਪਹਿਲਾਂ ਹੀ, ਲਾਰੈਂਸ ਬਿਸ਼ਨੋਈ ਗੈਂਗ ਦਾ ਇੱਕ ਹੋਰ ਮਹੱਤਵਪੂਰਨ ਨਾਂ ਅਨਮੋਲ ਬਿਸ਼ਨੋਈ ਵੀ ਅਮਰੀਕਾ ਤੋਂ ਭਾਰਤ ਹਵਾਲੇ ਹੋਇਆ ਸੀ। ਭਾਰਤ ਪਹੁੰਚਣ ‘ਤੇ ਐਨਆਈਏ ਨੇ ਉਸਨੂੰ ਗ੍ਰਿਫ਼ਤਾਰ ਕਰ ਕੇ ਵਿਸ਼ੇਸ਼ ਅਦਾਲਤ ‘ਚ ਪੇਸ਼ ਕੀਤਾ, ਜਿੱਥੋਂ ਉਸਨੂੰ 11 ਦਿਨਾਂ ਦੀ ਹਿਰਾਸਤ ਮਿਲੀ।
ਅਨਮੋਲ ‘ਤੇ ਲਗੇ ਗੰਭੀਰ ਦੋਸ਼
ਐਨਆਈਏ ਦਾ ਕਹਿਣਾ ਹੈ ਕਿ ਅਨਮੋਲ ਬਿਸ਼ਨੋਈ ਨੇ ਵਿਦੇਸ਼ੀ ਠਿਕਾਣੇ ਤੋਂ ਅੱਤਵਾਦੀ ਸਿੰਡੀਕੇਟ ਚਲਾਇਆ ਹੋਇਆ ਸੀ।
ਪੰਜਾਬ ਪੁਲਿਸ ਦੀਆਂ ਏਜੰਸੀਆਂ ਨੇ ਉਸਨੂੰ ਟ੍ਰੈੱਸ ਕਰਨ ਵਿੱਚ ਏਹਮੀ ਭੂਮਿਕਾ ਨਿਭਾਈ। ਅਨਮੋਲ ਜਾਅਲੀ ਪਾਸਪੋਰਟ ‘ਤੇ ਦੇਸ਼ ਛੱਡ ਕੇ ਕੀਨੀਆ ਰਾਹੀਂ ਅਮਰੀਕਾ ਭੱਜ ਗਿਆ ਸੀ। ਉਹ ਸਿੱਧੂ ਮੂਸੇਵਾਲਾ ਦੇ ਕਤਲ ਅਤੇ ਸਲਮਾਨ ਖਾਨ ਦੇ ਘਰ ਬਾਹਰ ਹੋਈ ਗੋਲੀਬਾਰੀ ਦੇ ਕਈ ਮਾਮਲਿਆਂ ‘ਚ ਵੀ ਲੋੜੀਂਦਾ ਸੀ।
ਮਹੱਤਵਪੂਰਨ ਸਫਲਤਾ, ਗੈਂਗਸਟਰ ਨੈੱਟਵਰਕ ਲਈ ਵੱਡਾ ਝਟਕਾ
ਨੋਨੀ ਰਾਣਾ ਦੀ ਗ੍ਰਿਫ਼ਤਾਰੀ ਭਾਰਤੀ ਏਜੰਸੀਆਂ ਲਈ ਇੱਕ ਵੱਡੀ ਕਾਰਵਾਈ ਅਤੇ ਗੈਂਗਸਟਰ ਨੈੱਟਵਰਕ ਲਈ ਭਾਰੀ ਝਟਕਾ ਮੰਨੀ ਜਾ ਰਹੀ ਹੈ।ਲਗਾਤਾਰ ਕਬਜ਼ੇ ‘ਚ ਆ ਰਹੇ ਬਿਸ਼ਨੋਈ ਗੈਂਗ ਦੇ ਮੈਂਬਰਾਂ ਦੇ ਬਾਅਦ ਇਹ ਗ੍ਰਿਫ਼ਤਾਰੀ ਗਿਰੋਹ ਦੀ ਬਾਹਰੀ ਲਿੰਕ ਨੂੰ ਕਮਜ਼ੋਰ ਕਰ ਸਕਦੀ ਹੈ।

